ਦਿੱਲੀ ਗੁਰਦੁਆਰਾ ਚੋਣਾਂ; ਮੁੱਖ ਮੁਕਾਬਲਾ ਜੀ ਕੇ ਤੇ ਸਰਨਾ ਵਿਚਕਾਰ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪ੍ਰਚਾਰ ਦਿਨ ਪ੍ਰਤੀ ਦਿਨ ਜ਼ੋਰ ਫੜਦਾ ਜਾ ਰਿਹਾ ਹੈ ਤੇ ਇਸ ਵਾਰੀ ਪੰਜ ਧਿਰਾਂ ਤੋਂ ਇਲਾਵਾ ਕਈ ਅਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ। ਮੁੱਖ ਮੁਕਾਬਲਾ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਮਨਜੀਤ ਸਿੰਘ ਜੀ ਕੇ ਪ੍ਰਧਾਨ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਵਿਚਕਾਰ ਹੀ ਹੋਣ ਦੀ ਆਸ ਹੈ, ਜਦ ਕਿ ਬਾਕੀ ਦਲ ਕਿੰਗ ਮੇਕਰ ਬਣ ਸਕਦੇ ਹਨ।
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ .ਕੇ. ਨੇ ਸਾਰੇ ਵਾਰਡਾਂ ਤੋਂ ਆਪਣੇ-ਆਪਣੇ ਉਮੀਦਵਾਰ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੁਆਰਾ ਅਸਿੱਧੇ ਤੌਰ 'ਤੇ ਮੈਦਾਨ ਵਿੱਚ ਲਿਆਂਦੇ ਕਰਤਾਰ ਸਿੰਘ ਕੋਛੜ ਪੰਥਕ ਸੇਵਾ ਦਲ ਨੇ 41, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਦੀ ਅਗਵਾਈ ਵਾਲੇ ਸਿੱਖ ਸਦਭਾਵਨਾ ਦਲ ਨੇ 32 ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਅਕਾਲ ਸਹਾਏ ਸੁਸਾਇਟੀ ਨੇ ਵੀ 11 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।
ਸਿੱਖ ਸਦਭਾਵਨਾ ਦਲ ਤੇ ਅਕਾਲ ਸਹਾਇ ਸੁਸਾਇਟੀ ਨੇ ਗਠਜੋੜ ਬਣਾ ਕੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ, ਸਾਰਿਆਂ ਦਾ ਇੱਕ ਹੀ ਟੀਚਾ ਹੈ ਕਿ ਬਾਦਲ ਅਕਾਲੀ ਦਲ ਨੂੰ ਕਮੇਟੀ ਵਿੱਚਂੋ ਬਾਹਰ ਕੀਤਾ ਜਾਵੇ। ਬਾਦਲ ਦਲ ਦੇ ਇੱਕ ਆਗੂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਵਾਰੀ ਉਹਨਾਂ ਦੇ ਉਮੀਦਵਾਰ 15 ਤੋਂ ਵੱਧ ਨਹੀਂ ਜਿੱਤ ਸਕਦੇ, ਕਿਉਂਕਿ ਉਹਨਾਂ ਕੋਲੋਂ ਕੁਝ ਗਲਤੀਆਂ ਜ਼ਰੂਰ ਹੋਈਆਂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਥਾਂ-ਥਾਂ ਤੋਂ ਹੋਈ ਬੇਅਦਬੀ ਤਂੋ ਬਾਅਦ ਦੇ ਦੋਸ਼ੀਆਂ ਨੂੰ ਅਕਾਲੀ ਸਰਕਾਰ ਵੱਲੋਂ ਗ੍ਰਿਫਤਾਰ ਨਾ ਕੀਤਾ ਜਾਣਾ ਵੱਡਾ ਮੁੱਦਾ ਹੈ। ਉਹਨਾਂ ਕਿਹਾ ਕਿ ਇਸ ਵਾਰੀ ਪੰਜਾਬ ਤੋਂ ਪ੍ਰਚਾਰ ਲਈ ਆਉਣ ਵਾਲੇ ਲੀਡਰਾਂ ਨੂੰ ਉਹਨਾਂ ਨੇ ਮਨ੍ਹਾ ਕਰ ਦਿੱਤਾ ਹੈ ਤੇ ਚੋਣਾਂ ਸ਼੍ਰੋਮਣੀ ਅਕਾਲੀ ਦਲ ਦੇ ਪਰਧਾਨ ਸੁਖਬੀਰ ਸਿੰਘ ਦੀ ਅਗਵਾਈ ਹੇਠ ਨਹੀਂ ਸਗੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਲੜੀਆ ਜਾਣਗੀਆਂ।
ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਇਸ ਵਾਰੀ 3.75 ਲੱਖ ਸਿੱਖ ਵੋਟਰ ਭਾਗ ਲੈਣਗੇ ਤੇ ਆਮ ਤੌਰ 'ਤੇ ਵੋਟਰਾਂ ਦੇ ਸ਼ਨਾਖਤੀ ਕਾਰਡ ਬਣੇ ਹੋਏ ਹਨ, ਫਿਰ ਵੀ ਜਿਹਨਾਂ ਦੀ ਵੋਟ ਬਣ ਚੁੱਕੀ ਹੈ, ਉਹ ਆਪਣੀ ਵੋਟ ਕੋਈ ਵੀ ਸ਼ਨਾਖਤੀ ਸਬੂਤ ਵਿਖਾ ਕੇ ਪਾ ਸਕਣਗੇ ਅਤੇ ਵੋਟ ਪਾਉਣ ਦਾ ਅਧਿਕਾਰ ਕੇਵਲ ਗੁਰਸਿੱਖ ਨੂੰ ਹੀ ਹੋਵੇਗਾ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਂਗ ਕਿਸੇ ਵੀ ਘੋਨਮੋਨ ਨੂੰ ਵੋਟ ਨਹੀਂ ਪਾਉਣ ਦਿੱਤੀ ਜਾਵੇਗੀ।
ਚੋਣ ਲੜ ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋ ਚੋਣ ਪ੍ਰਚਾਰ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਬੁਖਾਰ ਤੇਜ਼ ਹੋਣਾ ਸ਼ੁਰੂ ਹੋ ਗਿਆ। ਦਿੱਲੀ ਦੇ 46 ਹਲਕਿਆਂ ਦਾ ਰਕਬਾ ਛੋਟਾ ਹੋਣ ਕਾਰਨ ਹਾਲੇ ਸਿਰਫ ਮੁਹੱਲਾ ਵਾਰ ਮੀਟਿੰਗਾਂ ਹੀ ਕੀਤੀਆਂ ਜਾ ਰਹੀਆਂ ਹਨ ਤੇ ਵੱਡੀਆਂ ਰੈਲੀਆਂ 15 ਫਰਵਰੀ ਤੋਂ ਬਾਅਦ ਹੀ ਸ਼ੁਰੂ ਹੋਣ ਦੀ ਆਸ ਹੈ।
ਸਾਲ 2013 ਵਿੱਚ ਹੋਈਆਂ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਸਰਨਿਆ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਬਾਦਲ ਦਲੀਆਂ ਵੱਲੋ ਲਗਾਏ ਗਏ ਸਨ ਅਤੇ ਤੱਤਕਾਲੀ ਬਾਦਲ ਸਰਕਾਰ ਨੇ ਆਪਣੀ ਸਾਰੀ ਸ਼ਕਤੀ ਦਿੱਲੀ ਚੋਣਾਂ ਜਿੱਤਣ ਲਈ ਝੋਕ ਦਿੱਤੀ ਸੀ ਤੇ ਪੰਜਾਬ ਵਾਂਗ ਦਿੱਲੀ ਵਿੱਚ ਵੀ ਸ਼ਰਾਬ ਕਬਾਬ ਤੇ ਸ਼ਾਮ ਧਾਮ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਸੀ। ਪੰਜਾਬ ਤੋਂ ਸਰਕਾਰੀ ਮਸ਼ੀਨਰੀ ਤੇ ਪੰਜਾਬ ਪੁਲਸ ਵੀ ਚਿੱਟ ਕੱਪੜਿਆਂ ਤੇ ਵਰਦੀ ਧਾਰੀ ਤਾਇਨਾਤ ਕੀਤੀ ਗਈ ਸੀ। ਵੋਟਾਂ ਵਾਲੀ ਹਰ ਗਲੀ ਦੇ ਬਾਹਰ ਇੱਕ ਜਥੇਦਾਰ ਨੇ ਝੰਡਾ ਗੱਡਿਆ ਹੋਇਆ ਸੀ ਤਾਂ ਕਿ ਕਿਸੇ ਵੀ ਘਰ ਵਿੱਚ ਕਿਸੇ ਵੀ ਕਿਸਮ ਦਾ ਸਮਾਨ ਲੋੜ ਅਨੁਸਾਰ ਮੁਹੱਈਆ ਕਰਵਾਇਆ ਜਾ ਸਕੇ। ਹਰ ਹਲਕੇ ਦੇ ਇੱਕ ਅਕਾਲੀ ਵਿਧਾਇਕ ਨੂੰ ਇੰਚਾਰਜ ਤੇ ਉਸ ਦੇ ਨਾਲ ਦੋ ਜ਼ਿਲ੍ਹਾ ਜਥੇਦਾਰ ਸਹਾਇਕ ਇੰਚਾਰਜ ਲਗਾਏ ਗਏ ਸਨ। ਸਰਨਿਆਂ ਦੇ ਖਿਲਾਫ ਅਕਾਲੀ ਦਲ ਦੇ ਲੀਡਰਾਂ ਨੇ ਘੱਟੀਆ ਕਿਸਮ ਦੀ ਦੂਸ਼ਣਬਾਜ਼ੀ ਕੀਤੀ ਅਤੇ ਅਜਿਹਾ ਕਰਨ ਵਿੱਚ ਸਿਆਸਤ ਦੇ ਬਾਬਾ ਬੋਹੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਿੱਛੇ ਨਾ ਰਹੇ।
ਇਸ ਵਾਰੀ ਸਰਨਿਆਂ ਵੱਲੋਂ ਬਾਦਲ ਦਲੀਆਂ ਨੂੰ ਚੋਰ, ਲੁਟੇਰੇ, ਡਾਕੂ ਤੇ ਗੋਲਕ ਚੋਰਾਂ ਵਰਗੇ ਲਕਬਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਸਾਥੀ ਵੀ ਇਸ ਵਾਰੀ ਕਾਫੀ ਉਤਸ਼ਾਹਿਤ ਹਨ । ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਉਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਮਿਲੇਗਾ। ਪੰਜਾਬੀ ਬਾਗ ਤੋਂ ਪਰਮਜੀਤ ਸਿੰਘ ਸਰਨਾ ਤੇ ਬਾਦਲ ਦਲ ਦੇ ਬੁਲਾਰੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਇੱਕ ਵਾਰੀ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਇਸ ਸੀਟ ਤੋਂ ਹੋਰ ਵੀ ਕਈ ਉਮੀਦਵਾਰ ਮੈਦਾਨ ਵਿੱਚ ਹਨ, ਪਰ ਮੁੱਖ ਮੁਕਾਬਲਾ ਦੋ ਮਹਾਂਰਥੀਆਂ ਵਿੱਚਕਾਰ ਹੀ ਹੋਵੇਗਾ। ਦਿੱਲੀ ਕਮੇਟੀ ਦੀ ਚੋਣ ਦਾ ਇਹ ਮੁਕਾਬਲਾ ਸਭ ਤੋਂ ਵੱਧ 'ਹੋਟ' ਹੋਵੇਗਾ।
ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਮੁਕਾਬਲੇ ਹੋਰ ਵੀ ਚਰਚਿਤ ਤੇ ਦਿਲਚਸਪ ਬਣਾਉਣ ਲਈ ਹਲਕਿਆਂ ਵਿੱਚ ਵੀ ਤਬਦੀਲੀ ਕੀਤੀ ਹੈ, ਕਿਉਂਕਿ ਪਹਿਲਾਂ ਕਈ ਹਲਕਿਆਂ ਵਿੱਚ ਬਹੁਤ ਘੱਟ ਹੋਣ ਕਾਰਨ ਮੈਂਬਰ ਬਹੁਤ ਥੋੜ੍ਹੀਆ ਵੋਟਾਂ ਨਾਲ ਹੀ ਜਿੱਤ ਜਾਂਦੇ ਸਨ। ਪਹਾੜਗੰਜ ਦੇ ਇਲਾਕੇ 'ਚ ਵੀ ਤਬਦੀਲੀ ਕਰਦਿਆਂ ਇਸ ਨੂੰ ਹੋਰ ਵੱਡਾ ਬਣਾ ਦਿੱਤਾ ਗਿਆ ਹੈ, ਜਿਥੋਂ ਸਰਨਾ ਧੜੇ ਨਾਲ ਸੰਬੰਧਤ ਹੀ ਦੋ ਆਗੂ ਮੈਦਾਨ ਵਿੱਚ ਹਨ। ਅਮਰਜੀਤ ਸਿੰਘ ਪਿੰਕੀ ਤੇ ਪ੍ਰਭਜੀਤ ਸਿੰਘ ਜੀਤੀ। ਅਮਰਜੀਤ ਸਿੰਘ ਪਿੰਕੀ 2013 ਵਿੱਚ ਹੋਈਆਂ ਚੋਣਾਂ ਦੌਰਾਨ ਸਰਨਾ ਦੀ ਟਿਕਟ 'ਤੇ ਚੋਣ ਲੜ ਕੇ ਮੈਂਬਰ ਬਣਿਆ ਸੀ, ਪਰ ਦਿੱਲੀ ਦੀ ਸਿਆਸਤ ਵਾਂਗ ਪਹਿਲਾਂ ਇਜਲਾਸ ਹੋਣ ਤੋ ਪਹਿਲਾਂ ਉਸ ਨੇ ਤਿੰਨ ਹੋਰ ਸਰਨੇ ਦੇ ਮੈਂਬਰਾਂ ਨਾਲ ਬਾਦਲ ਦਲ ਨੂੰ ਸਮੱਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ।
ਇਸ ਵਾਰੀ ਉਹ ਬਾਦਲ ਦਲ ਦਾ ਉਮੀਦਵਾਰ ਹੈ ਜਦ ਕਿ ਪ੍ਰਭੀਜਤ ਸਿੰਘ ਜੀਤੀ ਪਿਛਲੀ ਵਾਰੀ ਵੀ ਇਥੋ ਮੈਂਬਰ ਚੁਣਿਆ ਗਿਆ ਸੀ ਤੇ ਇਸ ਵਾਰੀ ਉਸ ਦਾ ਸਖਤ ਮੁਕਾਬਲਾ ਹੋਵੋਗਾ। ਇਸ ਹਲਕੇ ਵਿੱਚ ਵਧੇਰੇ ਕਰਕੇ ਵੋਟਾਂ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਦੀਆ ਹਨ ਤੇ ਉਹਨਾਂ 'ਤੇ ਜਿੱਤਣ ਵਾਲੇ ਉਮੀਦਵਾਰ ਦੀ ਟੇਕ ਹੋਵੇਗੀ।
ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਤੇ ਦਿੱਲੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰ ਕਰਤਾਰ ਸਿੰਘ ਕੋਛੜ ਵੱਲੋ ਭਾਂਵੇ ਦਿੱਲੀ ਦੇ ਅਮੀਰ ਸਿੱਖ ਗੁਰਲਾਡ ਸਿੰਘ ਤੇ ਇੰਦਰਜੀਤ ਸਿੰਘ ਮੌਂਟੀ ਦਾ ਸਹਾਰਾ ਲੈ ਕੇ ਚੋਣ ਲੜੀ ਜਾ ਰਹੀ ਹੈ ਤੇ ਉਹਨਾਂ ਦਾ ਦਾਰੋਮਦਾਰ ਸਿਰਫ ਆਮ ਆਦਮੀ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਕਾਲਕਾ ਤੇ ਹੀ ਹੈ ਜਿਹੜੇ ਦਲ ਦੇ ਕਨਵੀਨਰ ਵੀ ਹਨ। ਉਹਨਾਂ ਨੇ ਐਲਾਨ ਵੀ ਕਰ ਦਿੱਤਾ ਹੈ ਕਿ ਉਹ ਪੰਥਕ ਸੇਵਾ ਦਲ ਦੀ ਹਮਾਇਤ ਕਰਨਗੇ। ਉਹਨਾਂ ਦੀ ਤਾਕਤ ਨੂੰ ਖੋਰਾ ਲਗਾਉਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਐਡੋਵੇਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਭਾਗ ਨਹੀ ਲਵੇਗੀ।
ਚੋਣਾਂ ਵਿੱਚ ਦਿੱਲੀ ਕਮੇਟੀ ਦੀਆ ਦੋ ਵੱਡੀਆ ਵਿਦਿਅਕ ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਇੰਜੀਨੀਅਰਿੰਗ ਕਾਲਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨੀਕਲ ਇੰਸਟੀਚਿਊਟ ਦੇ ਬੰਦ ਹੋਣਾ ਮੁੱਖ ਮੁੱਦਾ ਰਹੇਗਾ ਜਿਥੋ ਹਰ ਸਾਲ 300 ਦੇ ਕਰੀਬ ਸਿੱਖ ਬੱਚੇ ਇੰਜੀਨੀਅਰ ਬਣ ਕੇ ਨਿਕਲਦੇ ਸਨ। ਇਸੇ ਤਰ੍ਹਾ ਪ੍ਰਬੰਧਕ ਕਮਜ਼ੋਰੀਆ ਕਰਕੇ ਇੱਕ ਗਰੀਬ ਬੱਚਿਆ ਲਈ ਖੋਹਲਿਆ ਗਿਆ ਸਕੂਲ ਵੀ ਬੰਦ ਹੋਣਾ ਚਰਚਾ ਵਿੱਚ ਰਹੇਗਾ। ਦਿੱਲੀ ਕਮੇਟੀ ਵਿੱਚ ਮਹਿਲਾਂ ਮੁਲਾਜ਼ਮਾਂ ਨਾਲ ਛੇੜਖਾਨੀ ਤੇ ਕੁਝ ਮੈਬਰਾਂ ਤੇ ਦਿੱਲੀ ਕਮੇਟੀ ਦੇ ਜਨਰਲ ਮੈਨੇਜਰ ਦੇ ਖਿਲਾਫ ਛੇੜਖਾਨੀ ਦਾ ਕੇਸ਼ ਦਰਜ ਹੋਣਾ ਵੀ ਵਿਸ਼ੇਸ਼ ਮੁੱਦਾ ਰਹੇਗਾ। ਮੁਲਾਜਮਾਂ ਨੂੰ ਤਨਖਾਹ ਨਾ ਮਿਲਣਾ ਅਤੇ ਉਹਨਾਂ ਨਾਲ ਕੀਤੇ ਵੱਡੇ ਵੱਡੇ ਵਾਅਦੇ ਵੀ ਪੂਰੇ ਨਾ ਕਰਨਾ ਅਕਾਲੀ ਦਲ ਬਾਦਲ ਦੀ ਰੇਖ ਵਿੱਚ ਮੇਖ ਮਾਰੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਮੀਰੀ ਪੀਰੀ ਸ਼ਾਹਬਾਦ ਮਾਰਕੰਡਾ ਦੀ ਮੈਡੀਕਲ ਸੰਸਥਾ, ਧਰਮ ਪ੍ਰਚਾਰ ਦੇ ਫੰਡਾਂ ਦੀ ਦੁਰਵਰਤੋ ਕਰਨਾ, ਪੰਜਾਬ ਵਿੱਚ ਰੁਜਗਾਰ ਮੰਗਦੀਆ ਧੀਆ ਭੈਣਾਂ ਨੂੰ ਗੁੱਤਾ ਤੋ ਫੜ ਕੇ ਸੜਕਾਂ ਤੇ ਘਸੀਟਣਾ ਆਦਿ ਮੁੱਦੇ ਵੀ ਸ਼ਾਮਲ ਹੋਣਗੇ। ਦਿੱਲੀ ਕਮੇਟੀ ਤੇ ਕਾਬਜ ਧਿਰ ਵੱਲੋ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣਾ ਤੇ ਬੰਗਲਾ ਸਾਹਿਬ ਦੀ ਪਾਰਕਿੰਗ ਤੇ ਦਰਬਾਰ ਦੇ ਸੁੰਦਰੀਕਰਨ ਵਰਗੇ ਮੁੱਦੇ ਵੀ ਸ਼ਾਮਲ ਹੋਣਗੇ।
ਦਿੱਲੀ ਵਿੱਚ ਸਸਤੀ ਵਿਦਿਆ ਦੇਣ ਦਾ ਮੁੱਦਾ ਭਾਂਵੇ ਹਾਲੇ ਕਿਸੇ ਵੀ ਮੁੱਖ ਧਿਰ ਨੇ ਉਠਾਇਆ ਪਰ ਸਿੱਖ ਸਦਭਾਵਨਾ ਦਲ ਦੇ ਮੁੱਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਐਲਾਨ ਕੀਤਾ ਹੈ ਉਹ ਦਸ ਰੁਪਏ ਫੀਸ ਲੈ ਕੇ ਵਿਦਿਆ ਦੇਣਗੇ।
ਅਕਾਲ ਸਹਾਏ ਸੁਸਾਇਟੀ ਦੇ ਕਰਤਾ ਧਰਤਾ ਭਾਈ ਰਣਜੀਤ ਸਿੰਘ ਵੱਲੋ ਜਿਸ ਤਰੀਕੇ ਨਾਲ ਦਿੱਲੀ ਦੇ ਸਿੱਖਾਂ ਨੂੰ ਬਾਦਲ ਪਰਵਾਰ ਵੱਲੋ ਸਿੱਖ ਪੰਥ ਤੇ ਸਿੱਖ ਸੰਸਥਾਵਾਂ ਦੇ ਘਾਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਸ ਤੋਂ ਦਿੱਲੀ ਦੇ ਸਿੱਖ ਕਾਫੀ ਪ੍ਰਭਾਵਤ ਹਨ ਤੇ ਉਹ ਸਰਨਿਆਂ ਨੂੰ ਲੋਟੂ ਟੋਲਾ ਜ਼ਰੂਰ ਦੱਸ ਰਹੇ ਹਨ, ਪਰ ਉਹਨਾਂ ਕੋਲ ਕੋਈ ਠੋਸ ਸਬੂਤ ਨਹੀ ਹਨ।
ਦਿੱਲੀ ਕਮੇਟੀ ਦੀਆਂ ਚੋਣਾਂ ਕੁਲ ਮਿਲਾ ਕੇ ਇਸ ਵਾਰੀ ਪਹਿਲਾਂ ਨਾਲੋਂ ਵਧੇਰੇ ਦਿਲਚਸਪ ਹੋਣਗੀਆਂ ਕਿਉਂਕਿ ਇਸ ਵਾਰੀ ਨੌਜਵਾਨ ਵੱਡੀ ਗਿਣਤੀ ਵੋਟਰ ਹਨ, ਜਿਹੜੇ ਕਰੀਬ 50 ਫੀਸਦੀ ਤੋਂ ਵੀ ਵਧੇਰੇ ਹਨ ਤੇ ਉਹ ਦਿੱਲੀ ਕਮੇਟੀ ਵਿੱਚ ਕ੍ਰਾਂਤੀਕਾਰੀ ਬਦਲਾ ਚਾਹੁੰਦੇ ਹਨ। ਚੋਣ ਮੈਦਾਨ ਕਾਫੀ ਭੱਖ ਗਿਆ ਹੈ ਤੇ ਦੂਸ਼ਣਬਾਜ਼ੀਆਂ ਤੇ ਆਪਣੀਆਂ-ਆਪਣੀਆਂ ਪ੍ਰਾਪਤੀਆ ਤੇ ਚੋਣ ਵਾਅਦਿਆਂ ਦੇ ਵੱਡੇ-ਵੱਡੇ ਬੋਰਡ ਲੱਗ ਗਏ ਹਨ।
ਸਰਨਾ ਧੜੇ ਦੇ ਬੋਰਡਾਂ ਵਿੱਚ ਜਿਥੇ ਪੰਜਾਬ ਦੇ ਕਈ ਆਗੂਆਂ ਦੀਆਂ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਹਨ, ਉਥੇ ਬਾਦਲ ਦਲੀਏ ਪੰਜਾਬ ਦੇ ਆਗੂਆਂ ਦੀਆ ਤਸਵੀਰਾਂ ਲਗਾਉਣ ਤੋਂ ਕਾਫੀ ਹੱਦ ਤੱਕ ਗੁਰੇਜ਼ ਕਰ ਰਹੇ ਹਨ। ਚੋਣਾਂ ਵਿੱਚ ਹਾਲੇ ਕਰੀਬ 15 ਦਿਨ ਬਾਕੀ ਹਨ ਤੇ ਹਾਲਾਤ ਕਿਸੇ ਪਾਸੇ ਵੀ ਕਰਵੱਟ ਲੈ ਸਕਦੇ ਹਨ। ਇਹਨਾਂ ਚੋਣਾਂ ਵਿੱਚ ਵੀ ਵਿਦੇਸ਼ਾਂ ਤੋ ਕਈ ਸ਼ਖਸੀਅਤਾਂ ਵੱਲੋਂ ਪ੍ਰਚਾਰ ਕਰਨ ਲਈ ਪੁੱਜਣ ਦੀ ਆਸ ਹੈ।