ਤਾਮਿਲਨਾਡੂ ਸੰਕਟ; ਰਾਜਪਾਲ ਨੂੰ ਸ਼ਕਤੀ ਪ੍ਰੀਖਣ ਕਰਾਉਣ ਦੀ ਸਲਾਹ


ਨਵੀਂ ਦਿੱਲੀ/ਚੇਨਈ
(ਨਵਾਂ ਜ਼ਮਾਨਾ ਸਰਵਿਸ)
ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਸੋਮਵਾਰ ਨੂੰ ਤਾਮਿਲਨਾਡੂ ਦੇ ਰਾਜਪਾਲ ਵਿੱਦਿਆ ਸਾਗਰ ਰਾਓ ਨੂੰ ਸਲਾਹ ਦਿੱਤੀ ਹੈ ਕਿ ਉਹ ਵਿਧਾਨ ਸਭਾ ਵਿੱਚ ਸ਼ਕਤੀ ਪ੍ਰੀਖਣ ਕਰਵਾਉਣ, ਤਾਂ ਕਿ ਇਹ ਪਤਾ ਲੱਗ ਸਕੇ ਕਿ ਬਹੁਮਤ ਕੰਮ ਚਲਾਊ ਮੁੱਖ ਮੰਤਰੀ ਪਨੀਰਸੇਲਵਮ ਦੇ ਨਾਲ ਹੈ ਜਾਂ ਪਾਰਟੀ ਦੀ ਜਨਰਲ ਸਕੱਤਰ ਸ਼ਸ਼ੀਕਲਾ ਨਾਲ। ਅਟਾਰਨੀ ਜਨਰਲ ਨੇ ਰਾਜਪਾਲ ਨੂੰ ਸੁਝਾਅ ਦਿੱਤਾ ਹੈ ਕਿ ਉਹ ਇੱਕ ਹਫਤੇ ਅੰਦਰ ਤਾਮਿਲਨਾਡੂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਅਤੇ ਸਦਨ 'ਚ ਬਹੁਮਤ ਸਾਬਤ ਕਰਵਾਉਣ। ਮੁਕੁਲ ਰੋਹਤਗੀ ਨੇ ਆਪਣੇ ਸੁਝਾਅ 'ਚ 1998 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਅੰਦਰ ਜਗਦੰਬਿਕਾਪਾਲ ਅਤੇ ਕਲਿਆਣ ਸਿੰਘ ਵਿਚਾਲੇ ਹੋਈ ਸ਼ਕਤੀ ਪ੍ਰੀਖਣ ਦਾ ਹਵਾਲਾ ਵੀ ਦਿੱਤਾ। ਉਨ੍ਹਾ ਕਿਹਾ ਕਿ ਉਸੇ ਤਰਜ਼ 'ਤੇ ਤਾਮਿਲਨਾਡੂ ਵਿਧਾਨ ਸਭਾ ਵਿੱਚ ਵੀ ਬਹੁਮਤ ਪ੍ਰੀਖਣ ਕਰਵਾਇਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਸੁਪਰੀਮ ਕੋਰਟ ਸ਼ਸ਼ੀਕਲਾ ਵਿਰੁੱਧ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਮੰਗਲਵਾਰ ਨੂੰ ਫੈਸਲਾ ਸੁਣਾ ਸਕਦੀ ਹੈ। ਜੇ ਸੁਪਰੀਮ ਕੋਰਟ ਉਸ ਵਿਰੁੱਧ ਫੈਸਲਾ ਸੁਣਾਉਂਦੀ ਹੈ ਤਾਂ ਸ਼ਸ਼ੀਕਲਾ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਸ਼ਸ਼ੀਕਲਾ ਲਗਾਤਾਰ ਦਾਅਵਾ ਕਰਦੀ ਆ ਰਹੀ ਹੈ ਕਿ ਉਸ ਨੂੰ ਅੰਨਾ ਡੀ ਐੱਮ ਕੇ ਦੇ ਲੱਗਭੱਗ ਸਾਰੇ ਵਿਧਾਇਕਾਂ ਦੀ ਹਮਾਇਤ ਹਾਸਲ ਹੈ, ਜੋ ਕਿ ਦੋ ਰੈਸਟੋਰੈਂਟਾਂ 'ਚ ਠਹਿਰੇ ਹੋਏ ਹਨ। ਉੱਧਰ ਕੰਮ ਚਲਾਊ ਮੁੱਖ ਮੰਤਰੀ ਪਨੀਰਸੇਲਵਮ ਦੋਸ਼ ਲਾ ਰਹੇ ਹਨ ਕਿ ਵਿਧਾਇਕਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ ਅਤੇ ਅਖੀਰ ਵਿੱਚ ਵਿਧਾਇਕ ਉਸ ਦੀ ਹਮਾਇਤ ਹੀ ਕਰਨਗੇ। ਪਿਛਲੇ ਕੁਝ ਦਿਨਾਂ ਦੌਰਾਨ ਪਾਰਟੀ ਦੇ ਕਈ ਵਿਧਾਇਕ, ਸਾਂਸਦ ਅਤੇ ਆਗੂ ਪਨੀਰਸੇਲਵਮ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਸ਼ਸ਼ੀਕਲਾ ਨੇ ਪਨੀਰਸੇਲਵਮ 'ਤੇ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਨ ਦਾ ਇਲਜ਼ਾਮ ਲਾਇਆ ਹੈ।