ਭੀਮ ਟਾਂਕ ਕਤਲ ਕਾਂਡ ਦੇ ਗਵਾਹ ਮੁੱਕਰੇ


ਅਬੋਹਰ (ਨਵਾਂ ਜ਼ਮਾਨਾ ਸਰਵਿਸ)
ਇੱਥੋਂ ਦੇ ਚਰਚਿਤ ਭੀਮ ਟਾਂਕ ਕਤਲ ਕਾਂਡ ਦਾ ਮੁੱਖ ਗਵਾਹ ਗੁਰਜੰਟ ਸਿੰਘ ਜੰਟਾ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ। ਦਲਿਤ ਭੀਮ ਟਾਂਕ ਦੀ ਜਦੋਂ ਹੱਤਿਆ ਕੀਤੀ ਗਈ ਸੀ, ਉਸ ਦੇ ਨਾਲ ਗੁਰਜੰਟ ਸਿੰਘ ਸੀ। ਉਸ ਦਾ ਵੀ ਹੱਥ ਇਸ ਘਟਨਾ ਵਿੱਚ ਕੱਟਿਆ ਗਿਆ ਸੀ।
ਇਸ ਤੋਂ ਪਹਿਲਾਂ ਗੁਰਜੰਟ ਸਿੰਘ ਜੰਟਾ ਦਾ ਭਰਾ, ਜੋ ਘਟਨਾ ਵਕਤ ਸਭ ਤੋਂ ਪਹਿਲਾਂ ਫਾਰਮ ਹਾਊਸ ਵਿੱਚ ਪਹੁੰਚਿਆ ਸੀ, ਉਹ ਵੀ ਆਪਣੇ ਬਿਆਨ ਤੋਂ ਮੁਕਰ ਚੁੱਕਾ ਹੈ। ਜੰਟਾ ਦੇ ਤਾਜ਼ਾ ਬਿਆਨ ਅਨੁਸਾਰ ਹੱਤਿਆ ਕਾਂਡ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਦੇ ਫਾਰਮ ਹਾਊਸ ਦੀ ਥਾਂ ਸ਼ਰਾਬ ਦੇ ਅਹਾਤੇ ਵਿੱਚ ਹੋਇਆ ਸੀ।
ਜੰਟਾ ਪਿਛਲੇ ਇੱਕ ਸਾਲ ਤੋਂ ਸ਼ਿਵਲਾਲ ਡੋਡਾ ਨੂੰ ਇਸ ਕਤਲ ਲਈ ਜ਼ਿੰਮੇਵਾਰ ਦੱਸ ਰਿਹਾ ਸੀ, ਪਰ ਹੁਣ ਉਹ ਆਪਣੇ ਬਿਆਨ ਤੋਂ ਪਲਟ ਗਿਆ ਹੈ। ਇਸ ਮਾਮਲੇ ਵਿੱਚ 74 ਗਵਾਹ ਹਨ, ਜਿਨ੍ਹਾਂ ਵਿੱਚ 19 ਗਵਾਹ ਦੀਆਂ ਗਵਾਹੀਆਂ ਹੁਣ ਤੱਕ ਹੋ ਚੁੱਕੀਆਂ ਹਨ। ਮਾਮਲੇ ਦੀ ਅਗਲੀ ਤਰੀਕ 16 ਫਰਵਰੀ ਹੈ।
ਦੂਜੇ ਪਾਸੇ ਭੀਮ ਦੇ ਪਰਵਾਰਕ ਮੈਂਬਰ ਪਿਤਾ ਕਪੂਰ ਚੰਦ, ਮਾਤਾ ਕੁੱਸ਼ਲਿਆ ਦੇਵੀ ਤੇ ਭੀਮ ਹੱਤਿਆਂ ਕਾਂਡ ਸੰਘਰਸ਼ ਕਮੇਟੀ ਦੇ ਕਨਵੀਨਰ ਗੋਪੀ ਰਾਮ ਸਾਂਦੜ ਨੇ ਇਲਜ਼ਾਮ ਲਾਇਆ ਹੈ ਕਿ ਦਲਿਤ ਨੌਜਵਾਨ ਮ੍ਰਿਤਕ ਭੀਮ ਟਾਂਕ ਦੀ ਹੱਤਿਆ ਦੇ ਸਾਜ਼ਿਸ਼ਕਰਤਾ ਸ਼ਰਾਬ ਵਪਾਰੀ ਤੇ ਅਕਾਲੀ ਨੇਤਾ ਸ਼ਿਵਲਾਲ ਡੋਡਾ ਨੂੰ ਜੇਕਰ ਅਕਾਲੀ-ਭਾਜਪਾ ਸਰਕਾਰ ਨੇ ਗੈਰ-ਕਾਨੂੰਨੀ ਤੌਰ 'ਤੇ ਸਾਲ ਭਰ ਫਾਜ਼ਿਲਕਾ ਉਪ ਜੇਲ੍ਹ ਵਿੱਚ ਵੀ.ਆਈ.ਪੀ. ਸਹੂਲਤਾਂ ਨਾ ਦਿੱਤੀਆਂ ਹੁੰਦੀਆਂ ਤਾਂ ਇਸ ਕਾਂਡ ਦਾ ਗਵਾਹ ਗੁਰਜੰਟ ਸਿੰਘ ਤੇ ਰਣਜੀਤ ਸਿੰਘ ਰਾਣਾ ਆਪਣੇ ਬਿਆਨ ਨਹੀਂ ਪਲਟਦਾ।
ਯਾਦ ਰਹੇ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਅਬੋਹਰ ਦੇ ਨੇੜਲੇ ਪਿੰਡ ਰਾਮਸਰਾ ਸਥਿਤ ਸ਼ਰਾਬ ਕਾਰੋਬਾਰੀ ਸ਼ਿਵਲਾਲ ਡੋਡਾ ਦੇ ਫਾਰਮ ਹਾਊਸ ਵਿੱਚ 11 ਦਸੰਬਰ 2015 ਨੂੰ ਦਲਿਤ ਨੌਜਵਾਨ ਭੀਮ ਟਾਂਕ ਨੂੰ ਸੱਦ ਕੇ ਦੋ ਦਰਜਨ ਵਿਅਕਤੀਆਂ ਨੇ ਬੇਰਹਿਮੀ ਨਾਲ ਹੱਥ ਪੈਰ ਕੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਦਾ ਹੱਥ-ਪੈਰ ਕੱਟ ਕੇ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ ਸੀ। ਪਰਵਾਰ ਨੇ ਇਸ ਮਾਮਲੇ ਦੀ ਇੱਕ ਵਾਰ ਫਿਰ ਤੋਂ ਸੀ.ਬੀ.ਆਈ. ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।