ਜਨਰਲ ਰਾਵਤ ਨੂੰ ਸਰਕਾਰ ਦਾ ਮੁਕੰਮਲ ਸਮੱਰਥਨ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਸਮੇਤ ਦੇਸ਼ ਦੇ ਕਿਸੇ ਵੀ ਹਿੱਸੇ 'ਚ ਸੈਨਾ ਵੱਲੋਂ ਕੀਤੀਆਂ ਜਾਣ ਵਾਲੀਆਂ ਫ਼ੌਜੀ ਕਾਰਵਾਈਆਂ 'ਚ ਰੁਕਾਵਟ ਪਾਉਣ ਵਾਲਿਆਂ 'ਤੇ ਸਖ਼ਤੀ ਦਾ ਸੰਦੇਸ਼ ਬੁੱਧਵਾਰ ਨੂੰ ਹੀ ਸੈਨਾ ਮੁਖੀ ਜਨਰਲ ਬਿਪਨ ਰਾਵਤ ਵੱਲੋਂ ਦੇ ਦਿੱਤਾ ਗਿਆ ਸੀ, ਜਿਸ ਨੂੰ ਬਾਅਦ 'ਚ ਸਰਕਾਰ ਦਾ ਸਮੱਰਥਨ ਵੀ ਮਿਲ ਗਿਆ ਹੈ। ਬੀਤੇ ਦਿਨੀਂ ਜੰਮੂ-ਕਸ਼ਮੀਰ 'ਚ ਹੋਏ 2 ਵੱਖ-ਵੱਖ ਮੁਕਾਬਲਿਆਂ 'ਚ ਕੁੱਲ 4 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾ ਜਵਾਨਾਂ ਨੂੰ ਫ਼ੌਜ ਦੇ ਮੁਖੀ ਜਨਰਲ ਬਿਪਨ ਰਾਵਤ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਮੁਕਾਬਲੇ ਦੀ ਪੂਰੀ ਜਾਣਕਾਰੀ ਪ੍ਰਧਾਨ ਮੰਤਰੀ ਨਾਲ ਫ਼ੌਜ ਮੁਖੀ ਨੇ ਸਾਂਝੀ ਕੀਤੀ। ਉਥੇ ਹੀ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਫ਼ੌਜ ਮੁਖੀ ਨੇ ਅੱਤਵਾਦੀਆਂ ਖ਼ਿਲਾਫ਼ ਫ਼ੌਜੀ ਕਾਰਵਾਈ ਦੌਰਾਨ ਆਮ ਲੋਕਾਂ ਵੱਲੋਂ ਰੁਕਾਵਟ ਪਾਉਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਫ਼ੌਜ ਦੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਰੁਕਾਵਟ ਪਾਉਣ ਵਾਲੇ ਅਤੇ ਸਹਿਯੋਗ ਨਾ ਕਰਨ ਵਾਲੇ ਲੋਕਾਂ ਨੂੰ ਅੱਤਵਾਦੀਆਂ ਦੇ ਸਹਿਯੋਗੀ ਹੀ ਸਮਝਿਆ ਜਾਵੇਗਾ। ਫ਼ੌਜ ਮੁਖੀ ਵੱਲੋਂ ਕਹੀ ਗਈ ਗੱਲ ਨੂੰ ਅੱਗੇ ਵਧਾਉਂਦਿਆਂ ਵੀਰਵਾਰ ਨੂੰ ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਫ਼ੌਜ ਮੁਖੀ ਨੇ ਜੋ ਕੁਝ ਵੀ ਕਿਹਾ ਹੈ, ਉਹ ਰਾਸ਼ਟਰ ਦੇ ਹਿੱਤ 'ਚ ਹੈ। ਜੇ ਕੋਈ ਰਾਸ਼ਟਰ ਖ਼ਿਲਾਫ਼ ਕੰਮ ਕਰੇਗਾ, ਉਸ ਨਾਲ ਅਜਿਹਾ ਹੀ ਵਿਹਾਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ਼ੋਂ ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਅੱਤਵਾਦ ਖਿਲਾਫ਼ 'ਜ਼ੀਰੋ ਟਾਲਰੈਂਸ' (ਮੁਕੰਮਲ ਅਸਹਿਣਸ਼ੀਲਤਾ) ਦੀ ਨੀਤੀ 'ਤੇ ਪੂਰੀ ਤਰ੍ਹਾਂ ਕਾਇਮ ਹੈ।