ਭਾਰਤ-ਪਾਕਿਸਤਾਨ ਦੀਆਂ ਟੀਮਾਂ ਜਲਦੀ ਹੋਣਗੀਆਂ ਆਹਮੋ-ਸਾਹਮਣੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕ੍ਰਿਕਟ ਪ੍ਰੇਮੀਆਂ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਜਲਦੀ ਹੀ ਮੁਕਾਬਲਾ ਦੇਖਣ ਨੂੰ ਮਿਲੇਗਾ। ਦੋਵਾਂ ਦੇਸ਼ਾਂ ਦੀਆਂ ਟੀਮਾਂ ਜੂਨ ਵਿੱਚ ਹੋਣ ਵਾਲੀ ਚੈਂਪੀਅਨ ਟਰਾਫੀ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਇੱਕ ਦੂਜੇ ਦੂਸਰੇ ਦੇ ਆਹਮੋ-ਸਾਹਮਣੇ ਹੋਣਗੀਆਂ। 15 ਤੋਂ 26 ਮਾਰਚ ਤੱਕ ਬੰਗਲਾਦੇਸ਼ ਵਿੱਚ ਹੋਣ ਵਾਲੇ ਇਮਰਜਿੰਗ ਕੱਪ 'ਚ ਏਸ਼ੀਆ ਮਹਾਂਦੀਪ ਦੀਆਂ ਹੋਰ ਟੀਮਾਂ ਵੀ ਹਿੱਸਾ ਲੈਣਗੀਆਂ। ਇਸ ਤੋਂ ਪਹਿਲਾਂ ਇਮਰਜਿੰਗ ਕੱਪ ਦਾ ਆਯੋਜਨ 2013 'ਚ ਹੋ ਚੁੱਕਾ ਹੈ। ਇਸ ਟੂਰਨਾਮੈਂਟ ਵਿੱਚ ਪਿਛਲੀ ਵਾਰ 23 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਟੂਰਨਾਮੈਂਟ ਨੂੰ ਏ ਸੀ ਸੀ ਆਯੋਜਿਤ ਕਰਦੀ ਹੈ। ਇਸ ਵਾਰ ਪ੍ਰਬੰਧਕਾਂ ਨੇ ਨਿਯਮਾਂ ਵਿੱਚ ਕੁਝ ਤਬਦੀਲੀ ਕੀਤੀ ਹੈ, ਜਿਸ ਅਨੁਸਾਰ ਹਰੇਕ ਦੇਸ਼ ਦੇ 23 ਸਾਲ ਤੋਂ ਵੱਧ ਉਮਰ ਦੇ ਚਾਰ ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦਾ ਫਾਰਮੇਟ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਘੱਟ ਤੋਂ ਘੱਟ ਇੱਕ ਵਾਰ ਤਾਂ ਹਰ ਟੀਮ ਖਿਲਾਫ ਖੇਡਣਗੀਆਂ। ਇਸ ਤੋਂ ਬਾਅਦ ਫਾਈਨਲ ਦੀ ਰੇਸ ਲਈ ਨਾਕਆਊਟ ਰਾਉਂਡ ਹੋਵੇਗਾ। ਭਾਰਤ ਦੀ ਸੀਨੀਅਰ ਟੀਮ ਇਸ ਦੌਰਾਨ ਆਸਟ੍ਰੇਲੀਆ ਨਾਲ ਟੈੱਸਟ ਸੀਰੀਜ਼ ਖੇਡ ਰਹੀ ਹੋਵੇਗੀ, ਤਾਂ ਅਜਿਹੇ 'ਚ 23 ਸਾਲ ਤੋਂ ਉਪਰ ਦੇ ਚਾਰ ਖਿਡਾਰੀ ਟੀਮ ਇੰਡੀਆ ਤੋਂ ਨਹੀਂ ਹੋਣਗੇ। ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਅੰਡਰ-19 ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੰਭਵ ਹੈ ਕਿ ਚੋਣਕਾਰ ਇਸੇ ਟੀਮ ਤੋਂ ਜ਼ਿਆਦਾਤਰ ਖਿਡਾਰੀਆਂ ਨੂੰ ਮੌਕਾ ਦੇਣ।