ਮੌੜ ਮੰਡੀ ਬੰਬ ਕਾਂਡ ਦਹਿਸ਼ਤਗਰਦੀ ਘਟਨਾ : ਜਨਤਕ ਜਥੇਬੰਦੀਆਂ


ਬਠਿੰਡਾ (ਬਖਤੌਰ ਢਿੱਲੋਂ)
ਮੌੜ ਮੰਡੀ ਵਿਖੇ ਵਾਪਰਿਆ ਬੰਬ ਕਾਂਡ, ਜਿਸ ਵਿੱਚ ਤਿੰਨ ਸਕੂਲੀ ਬੱਚਿਆਂ ਸਮੇਤ ਗਰੀਬ ਪਰਵਾਰਾਂ ਦੇ ਨਿਰਦੋਸ਼ ਮੈਂਬਰ ਮਾਰੇ ਗਏ, ਇੱਕ ਦਹਿਸ਼ਤਗਰਦੀ ਘਟਨਾ ਹੈ, ਜਿਸ ਦੀ ਜਨਤਕ ਜਥੇਬੰਦੀਆਂ ਸਖ਼ਤ ਨਿਖੇਧੀ ਕਰਦੀਆਂ ਹਨ। ਇਹ ਵਿਚਾਰ ਪ੍ਰਗਟ ਕਰਦਿਆਂ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੁਲਸ ਪ੍ਰਸ਼ਾਸਨ 'ਤੇ ਦੋਸ਼ ਲਾਇਆ ਕਿ ਇਸ ਘਟਨਾ ਨਾਲ ਸੰਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਸ ਵੱਲੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਕਾਂਡ ਸੰਬੰਧੀ ਬਾਦਲ ਸਰਕਾਰ ਪੂਰੀ ਤਰ੍ਹਾਂ ਜ਼ੁੰਮੇਵਾਰ ਹੈ, ਇਸ ਲਈ ਇਸ ਸਰਕਾਰ ਦੇ ਗ੍ਰਹਿ ਮੰਤਰੀ 'ਤੇ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕ ਸੰਗਰਾਮ ਮੰਚ ਦੀ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ, ਲੋਕਰਾਜ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਇਨਕਲਾਬੀ ਕੇਂਦਰ ਦੇ ਸੂਬਾ ਆਗੂ ਮੁਖਤਿਆਰ ਪੂਹਲਾ, ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿਤਪਾਲ ਸਿੰਘ ਅਤੇ ਪਿੰਡ ਰਾਮਪੁਰਾ ਦੇ ਸਾਬਕਾ ਸਰਪੰਚ ਹਰਜੀਵਨ ਸਿੰਘ ਨੇ ਇਸ ਮਾਮਲੇ ਵਿੱਚ ਲੋਕ ਹਿੱਤਾਂ ਲਈ ਜੂਝਣ ਵਾਲੇ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਬਕਾ ਆਗੂ ਸ੍ਰੀ ਸੁਖਮੰਦਰ ਸਿੰਘ ਨੂੰ ਸੀ ਆਈ ਏ ਸਟਾਫ ਵੱਲੋਂ ਘਰੋਂ ਚੁੱਕ ਕੇ ਪੁੱਛਗਿੱਛ ਕਰਨ ਦੀ ਸਖਤ ਨਿੰਦਾ ਕੀਤੀ। ਉਹਨਾਂ ਕਿਹਾ ਕਿ ਜਨਤਕ ਜਥੇਬੰਦੀਆਂ ਅਜਿਹੀਆਂ ਕਾਰਵਾਈਆਂ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ, ਇਸ ਲਈ ਲੋਕ ਆਗੂਆਂ ਤੋਂ ਪੁੱਛ ਪੜਤਾਲ ਕਰਕੇ ਮੌੜ ਬੰਬ ਕਾਂਡ ਸੰਬੰਧੀ ਧਿਆਨ ਲਾਂਭੇ ਕਰਨ ਵਾਲੀ ਪੁਲਸ ਦੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਪੁਲਸ ਨੇ ਖੱਬੇ ਪੱਖੀ ਬੁੱਧੀਜੀਵੀ ਤੇ ਮੈਗਜ਼ੀਨ ਦੇ ਸੰਪਾਦਕ ਹਰਭਿੰਦਰ ਜਲਾਲ ਦੇ ਘਰ ਵੀ ਛਾਪਾਮਾਰੀ ਕੀਤੀ ਹੈ।
ਆਗੂਆਂ ਨੇ ਪੁਲਸ ਦੇ ਪੜਤਾਲ ਕਰਨ ਦੇ ਤਰੀਕੇ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਤਫ਼ਤੀਸ਼ ਬਰਗਾੜੀ ਕਾਂਡ ਦੀ ਤਫ਼ਤੀਸ਼ ਨਾਲ ਮਿਲਦੀ-ਜੁਲਦੀ ਹੈ, ਉਸ ਸਮੇਂ ਵੀ ਅਸਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਨਿਰਦੋਸ਼ ਵਿਅਕਤੀਆਂ ਨੂੰ ਫੜ ਕੇ ਲੋਕਾਂ ਦਾ ਧਿਆਨ ਲਾਂਭੇ ਕੀਤਾ ਸੀ। ਉਹਨਾਂ ਕਿਹਾ ਕਿ ਬੰਬ ਕਾਂਡ ਵਰਗੇ ਮਾਮਲੇ ਸੰਬੰਧੀ ਪੁਲਸ ਵੱਲੋਂ ਕ੍ਰਾਂਤੀਕਾਰੀ ਆਗੂਆਂ 'ਤੇ ਸ਼ੱਕ ਕਰਨਾ ਵੀ ਨਿੰਦਾਜਨਕ ਹੈ। ਉਹਨਾਂ ਕਿਹਾ ਕਿ ਜੇਕਰ ਲੋਕਾਂ ਲਈ ਸੰਘਰਸ਼ ਕਰਨ ਵਾਲੀ ਕਿਸੇ ਵੀ ਜਥੇਬੰਦੀ ਦੇ ਆਗੂ ਜਾਂ ਵਰਕਰ ਨੂੰ ਪੁਲਸ ਨੇ ਹੱਥ ਪਾਇਆ ਤਾਂ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ ਵਿੱਢ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਤੇ ਕਾਂਗਰਸ ਸਮੇਤ ਪ੍ਰਸ਼ਾਸਨ ਨੂੰ ਵੀ ਅਸਲ ਦੋਸ਼ੀਆਂ ਦੀ ਪੂਰੀ ਜਾਣਕਾਰੀ ਹੈ, ਪਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ।
ਆਗੂਆਂ ਨੇ ਇਸ ਕਾਂਡ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਖਿਆਲੀਵਾਲਾ, ਸੁਰਮੁੱਖ ਸਿੰਘ ਸੇਲਵਰਾਹ, ਔਰਤ ਮੁਕਤੀ ਮੋਰਚਾ ਦੀ ਆਗੂ ਮੁਖਤਿਆਰ ਕੌਰ, ਪ੍ਰਸ਼ੋਤਮ ਮਹਿਰਾਜ, ਹਰਨੇਕ ਸਿੰਘ ਸਾਬਕਾ ਸਰਪੰਚ ਤੇ ਗੁਰਮੇਲ ਸਿੰਘ ਜੰਡਾਂਵਾਲਾ ਵੀ ਮੌਜੂਦ ਸਨ।