ਪ੍ਰਧਾਨ ਮੰਤਰੀ ਦੇ ਬਿਆਨ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ ਵਿਰੋਧੀ ਧਿਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਿਕ ਦਲ ਵਿਰੋਧੀ ਨੇਤਾਵਾਂ ਦੇ ਬਿਆਨਾਂ ਨੂੰ ਲੈ ਕੇ ਵੀ ਚੌਕਸ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇ ਫਤਿਹਪੁਰ 'ਚ ਦਿੱਤੇ ਰਮਜਾਨ ਅਤੇ ਦੀਵਾਲੀ ਵਾਲੇ ਬਿਆਨ 'ਤੇ ਪੂਰੀ ਵਿਰੋਧੀ ਧਿਰ ਉਨ੍ਹਾ ਖ਼ਿਲਾਫ਼ ਹੋ ਗਈ ਹੈ ਅਤੇ ਉਨ੍ਹਾ ਇਸ ਦੀ ਆਲੋਚਨਾ ਕੀਤੀ ਹੈ। ਰਿਪੋਰਟ ਹੈ ਕਿ ਇਸ ਬਿਆਨ ਨੂੰ ਲੈ ਕੇ ਵਿਰੋਧੀ ਧਿਰ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕਰਨ ਦੀ ਤਿਆਰੀ 'ਚ ਹੈ।
ਜ਼ਿਕਰਯੋਗ ਹੈ ਕਿ ਪੀ ਐਮ ਮੋਦੀ ਨੇ ਐਤਵਾਰ ਨੂੰ ਫਤਿਹਪੁਰ 'ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਮ ਦੇ ਨਾਂਅ 'ਤੇ ਭੇਦਭਾਵ ਨਹੀਂ ਹੋਣਾ ਚਾਹੀਦਾ। ਜੇ ਰਮਜਾਨ 'ਚ ਬਿਜਲੀ ਮਿਲ ਰਹੀ ਹੈ, ਤਾਂ ਦੀਵਾਲੀ 'ਤੇ ਵੀ ਮਿਲਣੀ ਚਾਹੀਦੀ, ਪਿੰਡ 'ਚ ਜੇ ਕਬਰਸਤਾਨ ਲਈ ਜ਼ਮੀਨ ਹੈ ਤਾਂ ਸ਼ਮਸ਼ਾਨ ਘਾਟ ਲਈ ਵੀ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਕਾਂਗਰਸੀ ਨੇਤਾ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਕਮਿਸ਼ਨ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ, ਕਿਉਂਕਿ ਇਹ ਕਮਿਸ਼ਨ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ। ਉਥੇ ਕਾਂਗਰਸ ਦੇ ਇੱਕ ਹੋਰ ਨੇਤਾ ਕੇ ਸੀ ਮਿੱਤਲ ਨੇ ਕਿਹਾ ਹੈ ਕਿ ਉਨ੍ਹਾ ਦੀ ਪਾਰਟੀ ਬਿਆਨ ਦੇ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰੇਗੀ। ਸੀ ਪੀ ਐਮ ਦੇ ਪ੍ਰਮੁੱਖ ਆਗੂ ਸੀਤਾ ਰਾਮ ਯੇਚੁਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਇਹੀ ਹੈ ਇਹਨਾਂ ਦਾ ਅਸਲੀ ਚਿਹਰਾ, ਚਰਿੱਤਰ, ਚਾਲ ਅਤੇ ਚਿੰਤਨ? 'ਹਿੰਦੂ-ਮੁਸਲਿਮ' ਦੇ ਨਾਂਅ 'ਤੇ ਜਨਤਾ ਨੂੰ ਵੰਡਣ ਦਾ ਨਤੀਜਾ ਇਹ ਦੇਸ਼ ਇੱਕ ਵਾਰ 1947 'ਚ ਦੇਖ ਚੁੱਕਾ ਹੈ। ਕੀ ਮੋਦੀ ਦੇਸ਼ ਨੂੰ ਉਥੇ ਵਾਪਸ ਲੈ ਜਾਣਾ ਚਾਹੁੰਦੇ ਹਨ? ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਮੋਦੀ ਜੀ ਦਾ ਇਹ ਬਿਆਨ ਦਿਖਾਉਂਦਾ ਹੈ ਕਿ ਭਾਜਪਾ ਯੂ ਪੀ 'ਚ ਬੁਰੀ ਤਰ੍ਹਾਂ ਹਾਰ ਰਹੀ ਹੈ ਅਤੇ ਮੋਦੀ ਜੀ ਬਹੁਤ ਨਿਰਾਸ਼ ਹਨ।