ਯੂ ਕੇ ਤੋਂ ਮਾਲਿਆ ਨੂੰ ਵਾਪਸ ਲਿਆਉਣ ਦੇ ਯਤਨ ਸ਼ੁਰੂ


ਬ੍ਰਿਟਿਸ਼-ਭਾਰਤੀ ਅਫਸਰਾਂ ਦੀ ਮੀਟਿੰਗ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਵਿਸ਼ੇਸ਼ ਅਦਾਲਤ ਤੋਂ ਮਨਜ਼ੂਰੀ ਤੋਂ ਬਾਅਦ ਬਰਤਾਨੀਆ ਦੇ ਅਫਸਰਾਂ ਦੇ ਵਫਦ ਨਾਲ ਭਾਰਤੀ ਅਫਸਰਾਂ ਦੀ ਮੀਟਿੰਗ ਹੋਈ। ਇਸ 'ਚ ਮਾਲਿਆ ਨੂੰ ਇੰਡੀਆ-ਯੂ ਕੇ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐੱਮ ਐੱਲ ਏ ਟੀ) 'ਤੇ ਅਮਲ ਕਰਕੇ ਭਾਰਤ ਲਿਆਉਣ ਬਾਰੇ ਗੱਲ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਿਆ ਬੈਂਕਾਂ ਦਾ 9 ਹਜ਼ਾਰ ਕਰੋੜ ਕਰਜ਼ਾ ਚੁਕਾਏ ਬਿਨਾਂ ਪਿਛਲੇ ਸਾਲ ਲੰਡਨ ਭੱਜ ਗਿਆ ਸੀ। ਵਫਦ ਦੇ ਮੈਂਬਰਾਂ ਮੀਟਿੰਗ ਦੀ ਜਾਣਕਾਰੀ ਦੇਣ ਤੋਂ ਮਨ੍ਹਾ ਕੀਤਾ ਹੈ। ਯੂਰਪੀਅਨ ਪਾਰਲੀਮੈਂਟ ਡੈਲੀਗੇਸ਼ਨ ਦੇ ਚੇਅਰਮੈਨ ਜਿਓਫੇ ਆਰਡੇਨ ਨੇ ਕਿਹਾ ਕਿ ਇਸ ਕੇਸ ਬਾਰੇ ਗੱਲਬਾਤ ਨਹੀਂ ਕਰ ਸਕਦੇ, ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ। ਈ ਡੀ ਨੇ ਮਾਲਿਆ ਖਿਲਾਫ ਕਾਲੇ ਪੈਸੇ ਨੂੰ ਚਿੱਟਾ ਕਰਨ ਦੇ ਕੇਸ ਦੀ ਸੁਣਵਾਈ ਕਰ ਰਹੇ ਅਦਾਲਤ 'ਚ ਇੰਡੀਆ-ਯੂ ਕੇ ਟ੍ਰੀਟੀ ਤਹਿਤ ਆਰਡਰ ਜਾਰੀ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਇਸ ਨੂੰ ਪ੍ਰਵਾਨ ਕਰ ਲਿਆ। ਈ ਡੀ ਅਫਸਰਾਂ ਦੇ ਦੱਸਿਆ ਸੀ ਕਿ ਕੋਰਟ ਵੱਲੋਂ ਜਾਰੀ ਹੁਕਮ ਹੁਣ ਗ੍ਰਹਿ ਮੰਤਰਾਲੇ ਨੂੰ ਭੇਜਿਆ ਗਿਆ ਹੈ, ਤਾਂ ਜੋ ਬਰਤਾਨੀਆ 'ਚ ਹੁਕਮ ਦੀ ਪਾਲਣਾ ਹੋ ਸਕੇ। ਏਜੰਸੀ ਨੇ ਜਾਂਚ ਕਰਨ ਤੋਂ ਬਾਅਦ ਅਪਰਾਧਕ ਮਾਮਲੇ 'ਚ ਮਾਲਿਆ ਦੀ ਜਾਇਦਾਦ ਦੀ ਐੱਫ ਸੀ ਪੀ ਦੀ ਮੰਗ ਕੀਤੀ ਸੀ। ਮਾਲਿਆ ਅਤੇ ਉਨ੍ਹਾ ਦੀ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ (ਕੇ ਐੱਫ ਏ) 'ਤੇ ਆਈ ਬੀ ਡੀ ਆਈ ਬੈਂਕ ਦੇ ਨਾਲ ਕਰੀਬ 900 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਮਾਲਿਆ 'ਤੇ ਬੈਂਕਾਂ ਦਾ 9 ਹਜ਼ਾਰ ਕਰੋੜ ਕਰਜ਼ਾ ਬਾਕੀ ਹੈ।