ਹਾਫਿਜ਼ ਪਾਕਿ ਲਈ ਖਤਰਾ; ਪਾਕੀ ਰੱਖਿਆ ਮੰਤਰੀ ਨੇ ਕਿਹਾ


ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਮੁੰਬਈ 'ਤੇ 26/11 ਦੇ ਅੱਤਵਾਦੀ ਹਮਲੇ ਦੇ ਸਰਗਨਾ ਹਾਫਿਜ਼ ਸਈਦ ਨੂੰ ਪਾਕਿਸਤਾਨ ਲਈ ਖ਼ਤਰਾ ਦੱਸ ਕੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਆਪਣੇ ਹੀ ਦੇਸ਼ ਦੇ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਧਾਰਮਿਕ ਆਗੂਆਂ ਨੇ ਉਨ੍ਹਾ ਦੀ ਤਿਖੀ ਆਲੋਚਨਾ ਕੀਤੀ ਹੈ ਅਤੇ ਉਨ੍ਹਾ ਨੇ ਆਸਿਫ਼ ਨੂੰ ਭਾਰਤ ਦਾ ਬੁਲਾਰਾ ਕਰਾਰ ਦਿੱਤਾ ਹੈ।
ਪਾਕਿਸਤਾਨੀ ਅਖ਼ਬਾਰ 'ਦਿ ਨਿਊਜ਼ ਇੰਟਰਨੈਸ਼ਨਲ' ਦੀ ਰਿਪੋਰਟ ਅਨੁਸਾਰ ਆਗੂਆਂ ਨੇ ਜਮਾਤ-ਉਦ-ਦਾਵਾ ਦੇ ਮੁਖੀ ਬਾਰੇ ਆਸਿਫ਼ ਦੀ ਟਿਪਣੀ ਦੀ ਤਿੱਖੀ ਆਲੋਚਨਾ ਕਰਦਿਆਂ ਹਾਫ਼ਿਜ਼ ਸਈਦ ਨੂੰ ਦੇਸ਼ ਭਗਤ ਦਸਿਆ ਹੈ। ਪਾਕਿਸਤਾਨੀ ਆਗੂ ਆਸਿਫ਼ ਵੱਲੋਂ ਜਰਮਨੀ 'ਚ ਦਿੱਤੇ ਗਏ ਉਸ ਬਿਆਨ ਲਈ ਆਸਿਫ਼ ਦੀ ਆਲੋਚਨਾ ਕਰ ਰਹੇ ਹਨ, ਜਿਸ ਰਾਹੀਂ ਉਨ੍ਹਾ ਕਿਹਾ ਸੀ ਕਿ ਹਾਫਿਜ਼ ਸਈਦ ਸਮਾਜ ਲਈ ਖ਼ਤਰਾ ਬਣ ਸਕਦਾ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਆਲੋਚਨਾ ਕਰਨ ਵਾਲਿਆਂ 'ਚ ਡਿਫੈਂਸ ਆਫ਼ ਪਾਕਿਸਤਾਨ ਕੌਂਸਲ ਦੇ ਮੁਖੀ ਮੌਲਾਨਾ ਸਮੀ-ਉਲ-ਹੱਕ ਤੋਂ ਇਲਾਵਾ ਸਾਹ-ਬੁਗਤੀ, ਸਰਕਾਰ ਅਤੀਕ ਅਹਿਮਦ ਖਾਨ, ਲਿਆਕਤ ਬਲੂਚ, ਸੈਨੇਟਰ ਮੁਹੰਮਦ ਅਲੀ ਦੁਰਾਨੀ, ਮਿਆਂ ਮਹਿਮੂਦ ਉਰ ਰਸ਼ੀਦ, ਸਰਦਾਰ ਲਤੀਫ਼ ਅਹਿਮਦ ਖੋਸਾ, ਸੈਨੇਟਰ ਹਾਫਿਜ਼ ਹਮਦੁੱਲਾ, ਜਮਸ਼ੇਦ ਅਹਿਮਦ ਕਸ਼ਤੀ, ਸ਼ਾਹ ਉਵੈਸ ਨੁਰਾਨੀ, ਹਾਫ਼ਿਜ਼ ਅਬਦੁੱਲ ਗਫੂਰ ਰੋਪਾਰੀ ਵਰਗੇ ਆਗੂ ਸ਼ਾਮਲ ਹਨ।
ਮੌਲਾਨਾ ਸਮੀ ਉਲ ਹੱਕ ਨੇ ਕਿਹਾ ਕਿ ਖ਼ਵਾਜ਼ਾ ਆਸਿਫ਼ ਨੂੰ ਜਰਮਨੀ 'ਚ ਕਸ਼ਮੀਰ 'ਚ ਭਾਰਤੀ ਫ਼ੌਜ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦਾ ਮਾਮਲਾ ਉਠਾਉਣਾ ਚਾਹੀਦਾ ਸੀ। ਸ਼ਾਹ ਬੁਗਤੀ ਨੇ ਕਿਹਾ ਕਿ ਹਾਫ਼ਿਜ਼ ਸਈਦ ਨੂੰ ਨਜ਼ਰਬੰਦ ਕੀਤਾ ਜਾਣਾ ਕਸ਼ਮੀਰ ਦੀ ਭਾਰਤ ਤੋਂ ਆਜ਼ਾਦੀ ਦੇ ਸੰਘਰਸ਼ ਨੂੰ ਕਮਜ਼ੋਰ ਕਰਦਾ ਹੈ। ਜਮੀਅਤ ਏ ਇਸਲਾਮੀ ਦੇ ਆਗੂ ਲਿਆਕਤ ਬਲੂਚ ਨੇ ਕਿਹਾ ਕਿ ਦੇਸ਼ 'ਚ ਹੋਣ ਜਾਂ ਬਾਹਰ ਆਸਿਫ਼ ਆਪਣੀ ਜ਼ੁਬਾਨ 'ਤੇ ਕਾਬੂ ਰੱਖਣ 'ਚ ਨਾਕਾਮ ਹੋ ਗਏ ਹਨ। ਜਮਾਤ ਨੇ ਰੱਖਿਆ ਮੰਤਰੀ ਦੇ ਬਿਆਨ ਨੂੰ ਲੈ ਕੇ ਪੂਰੇ ਪਾਕਿਸਤਾਨ 'ਚ ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਜਮਾਤ ਦੇ ਤਰਜਮਾਨ ਨੇ ਕਿਹਾ ਕਿ ਸਾਰੇ ਵੱਡੇ ਸ਼ਹਿਰਾਂ ਅਤੇ ਕਸਬਿਆਂ 'ਚ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਰੱਖਿਆ ਮੰਤਰੀ ਦੇ ਬਿਆਨ ਦਾ ਤੁਰੰਤ ਨੋਟਿਸ ਲੈਣ।
ਜ਼ਿਕਰਯੋਗ ਹੈ ਕਿ ਜਰਮਨੀ ਵਿਖੇ ਮਿਊਨਿਖ 'ਚ ਇੱਕ ਕੌਮਾਂਤਰੀ ਸੁਰੱਖਿਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਖ਼ਵਾਜ਼ਾ ਆਸਿਫ਼ ਨੇ ਕਿਹਾ ਕਿ ਸਈਦ ਸਮਾਜ ਲਈ ਇੱਕ ਗੰਭੀਰ ਖ਼ਤਰਾ ਪੈਦਾ ਕਰ ਸਕਦਾ ਹੈ। ਉਨ੍ਹਾ ਕਿਹਾ ਕਿ ਦੇਸ਼ ਦੇ ਵੱਡੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਸਈਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਹਾਲ ਹੀ 'ਚ ਜਮਾਤ ਉਦ ਦਾਵਾ ਮੁਖੀ ਹਾਫ਼ਿਜ਼ ਸਈਦ ਦਾ ਨਾਂਅ ਅੱਤਵਾਦ ਰੋਕੂ ਕਾਨੂੰਨ (ਏ ਟੀ ਏ) ਦੀ ਸੂਚੀ ਪਾ ਦਿੱਤਾ ਹੈ। ਪਾਕਿਸਤਾਨੀ ਕਾਨੂੰਨ ਅਨੁਸਾਰ ਏ ਟੀ ਏ ਦੀ ਸੂਚੀ 'ਚ ਨਾਂਅ ਆਉਣਾ ਹੀ ਜ਼ਾਹਰ ਕਰਦਾ ਹੈ ਕਿ ਉਸ ਵਿਅਕਤੀ ਦਾ ਅੱਤਵਾਦ ਨਾਲ ਸੰਬੰਧ ਹੈ।
ਉਧਰ ਭਾਰਤ ਨੇ ਆਸਿਫ਼ ਸਈਦ ਵਿਰੁੱਧ ਪਾਕਿਸਤਾਨ ਵੱਲੋਂ ਕੀਤੀ ਗਈ ਕਾਰਵਾਈ ਦਾ ਨਪੇ-ਤੁਲੇ ਸ਼ਬਦਾਂ 'ਚ ਸੁਆਗਤ ਕੀਤਾ ਹੈ। ਭਾਰਤ ਨੇ ਕਿਹਾ ਹੈ ਕਿ ਹਾਫ਼ਿਜ਼ ਤੇ ਉਸ ਦੇ ਸਾਥੀਆਂ ਵਿਰੁੱਧ ਕੀਤੀ ਗਈ ਕਾਰਵਾਈ ਉਨ੍ਹਾ ਨੂੰ ਕਾਨੂੰਨ ਦੇ ਘੇਰੇ 'ਚ ਲਿਆਉਣ ਲਈ ਚੁੱਕਿਆ ਗਿਆ ਤਰਕ ਸੰਗਤ ਕਦਮ ਹੈ।