ਡਾ. ਅਮਰਜੀਤ ਕੌਂਕੇ ਨੂੰ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਾਹਿਤ ਅਕੈਡਮੀ ਦਿੱਲੀ ਵੱਲੋਂ ਉਘੇ ਪੰਜਾਬੀ ਕਵੀ, ਸੰਪਾਦਕ ਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਸਮੇਤ 23 ਭਾਸ਼ਾਵਾਂ ਦੇ ਲੇਖਕਾਂ ਨੂੰ ਸਰਵੋਤਮ ਅਨੁਵਾਦ ਲਈ ਸਾਲ 2016 ਲਈ ਅਨੁਵਾਦ ਪੁਰਸਕਾਰ ਦਾ ਐਲਾਨ ਕੀਤਾ ਹੈ। ਅਮਰਜੀਤ ਨੂੰ ਇਹ ਪੁਰਸਕਾਰ ਪਵਨ ਕਰਨ ਦੀ ਪੁਸਤਕ 'ਇਸਤਰੀ ਮੇਰੇ ਭੀਤਰ' ਦੇ ਅਨੁਵਾਦ 'ਔਰਤ ਮੇਰੇ ਅੰਦਰ' ਲਈ ਦਿੱਤਾ ਗਿਆ ਹੈ। ਅਮਰਜੀਤ ਕੌਂਕੇ 7 ਕਾਵਿ ਸੰਗ੍ਰਹਿ ਪੰਜਾਬੀ ਤੇ 4 ਕਾਵਿ ਸੰਗ੍ਰਹਿ ਹਿੰਦੀ ਭਾਸ਼ਾ ਵਿੱਚ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਅਨੁਵਾਦ ਦੇ ਖੇਤਰ ਵਿੱਚ ਅਮਰਜੀਤ ਨੇ ਇਸ ਤੋਂ ਪਹਿਲਾਂ ਡਾ. ਕੇਦਾਰਨਾਥ ਸਿੰਘ, ਅਰੁਣ ਕਮਲ, ਕੁੰਵਰ ਨਾਰਾਇਣ, ਨਰੇਸ਼ ਮਹਿਤਾ, ਹਿਮਾਂਸ਼ੁ ਜੋਸ਼ੀ, ਬਿਪਨ ਚੰਦਰਾ ਸਮੇਤ 14 ਪੁਸਤਕਾਂ ਦਾ ਹਿੰਦੀ ਤੋਂ ਪੰਜਾਬੀ ਅਤੇ ਵਣਜਾਰਾ ਵੇਦੀ, ਰਵਿੰਦਰ ਰਵੀ, ਦਰਸ਼ਨ ਬੁਲੰਦਵੀ, ਸੁਰਿੰਦਰ ਸੋਹਲ, ਬੀਬਾ ਬਲਵੰਤ, ਰਵਿੰਦਰ, ਸੁਖਵਿੰਦਰ ਕੰਬੋਜ ਸਮੇਤ 9 ਪੁਸਤਕਾਂ ਦਾ ਪੰਜਾਬੀ ਤੋਂ ਹਿੰਦੀ ਅਨੁਵਾਦ ਕੀਤਾ ਹੈ। ਉਨ੍ਹਾ ਦੀਆਂ ਪੰਜ ਪੁਸਤਕਾਂ ਬੱਚਿਆਂ ਲਈ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹ ਇੱਕ ਸਾਹਿਤਕ ਮੈਗਜ਼ੀਨ 'ਪ੍ਰਤਿਮਾਨ' ਦੇ ਸੰਪਾਦਕ ਹਨ, ਜਿਸ ਦਾ ਉਹ 13 ਸਾਲ ਤੋਂ ਨਿਰੰਤਰ ਸੰਪਾਦਨ ਕਰ ਰਹੇ ਹਨ। ਅਮਰਜੀਤ ਕੌਂਕੇ ਨੇ ਪੰਜਾਬੀ ਤੇ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਦੇ ਅਨੁਵਾਦ ਰਾਹੀਂ ਸਾਹਿਤ ਦੇ ਅਦਾਨ ਪ੍ਰਦਾਨ ਰਾਹੀਂ ਵਿੱਚ ਇੱਕ ਪੁਲ ਦਾ ਕੰਮ ਕੀਤਾ ਹੈ। ਸਾਹਿਤ ਅਕਾਦਮੀ ਦੇ ਇਸ ਇਨਾਮ ਦੀ ਚੋਣ ਲਈ ਗਠਿਤ ਕਮੇਟੀ ਵਿੱਚ ਡਾ. ਜਸਵਿੰਦਰ ਸਿੰਘ, ਡਾ. ਜੋਧ ਸਿੰਘ ਅਤੇ ਡਾ. ਗੁਰਪਾਲ ਸੰਧੂ ਸ਼ਾਮਲ ਸਨ। ਇਹ ਇਨਾਮ ਆਉਂਦੇ ਸਮੇਂ ਵਿੱਚ ਸਾਹਿਤ ਅਕਾਦਮੀ ਵੱਲੋਂ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਦਿੱਤਾ ਜਾਵੇਗਾ। ਇਸ ਇਨਾਮ ਵਿੱਚ 50,000 ਰੁਪਏ ਦੀ ਰਾਸ਼ੀ ਤੇ ਸਨਮਾਨ ਪੱਤਰ ਤੇ ਚਿੰਨ੍ਹ ਸ਼ਾਮਲ ਹੈ।