ਕਿਸਾਨ ਜਥੇਬੰਦੀਆਂ ਵੱਲੋਂ ਆਲੂ ਉਤਪਾਦਕਾਂ ਦੇ ਘੋਲ ਦਾ ਸਮੱਰਥਨ


ਜਲੰਧਰ/ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਨੇ ਆਲੂ ਉਤਪਾਦਕਾਂ ਦੇ ਘੋਲ ਦੇ ਸਮੱਰਥਨ ਦਾ ਐਲਾਨ ਕੀਤਾ ਹੈ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਤੇ ਜਨਰਲ ਸਕੱਤਰ ਸਾਥੀ ਬਲਦੇਵ ਸਿੰਘ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਥੀ ਰੁਲਦੂ ਸਿੰਘ ਮਾਨਸਾ ਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਭੀਖੀ ਨੇ ਇੱਥੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਮੰਦਵਾੜੇ ਨੇ ਆਲੂ ਉਤਪਾਦਕਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਆਲੂ ਦੀ ਫਸਲ ਬੁਰੀ ਤਰ੍ਹਾਂ ਰੁਲ ਰਹੀ ਹੈ। ਸਿਤਮ ਜਰੀਫੀ ਇਹ ਹੈ ਕਿ ਵਪਾਰੀ ਵਰਗ ਇਸ ਮੰਦਵਾੜੇ ਦਾ ਲਾਹਾ ਹੀ ਨਹੀਂ ਲੈ ਰਿਹਾ, ਉਹ ਕਿਸਾਨੀ ਦੇ ਰਾਹ ਵਿੱਚ ਵੱਡਾ ਰੋੜਾ ਵੀ ਬਣਿਆ ਹੋਇਆ ਹੈ ਜਿਸ ਨੇ ਸਸਤੇ ਭਾਅ 'ਤੇ ਆਲੂ ਖਰੀਦ ਕੇ ਕੋਲਡ ਸਟੋਰਾਂ ਵਿੱਚ ਜਮ੍ਹਾ ਕਰ ਲਿਆ ਹੈ ਤੇ ਆਲੂ ਉਤਪਾਦਕਾਂ ਨੂੰ ਆਪਣੀ ਫਸਲ ਰੱਖਣ ਲਈ ਕੋਲਡ ਸਟੋਰਾਂ ਵਿੱਚ ਜਗ੍ਹਾ ਨਹੀਂ ਮਿਲ ਰਹੀ। ਸਰਕਾਰੀ ਤੰਤਰ ਮੂਕ ਦਰਸ਼ਕ ਬਣੀ ਬੈਠਾ ਹੈ। ਉਸ ਵੱਲੋਂ ਆਲੂ ਉਤਪਾਦਕਾਂ ਨੂੰ ਇਸ ਸੰਕਟ 'ਚੋਂ ਕੱਢਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ।
ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਸੰਘਰਸ਼ ਹੀ ਇੱਕੋ-ਇੱਕ ਬਦਲ ਬਚਦਾ ਹੈ, ਜਿਸ ਦਾ ਐਲਾਨ ਆਲੂ ਉਤਪਾਦਕਾਂ ਨੇ ਕਰ ਦਿੱਤਾ ਹੈ।
ਉਨ੍ਹਾ ਕਿਹਾ ਕਿ ਕਿਸਾਨ ਜਥੇਬੰਦੀਆਂ ਇਸ ਸੰਕਟ ਦੀ ਘੜੀ ਆਲੂ ਉਤਪਾਦਕਾਂ ਦੇ ਨਾਲ ਖੜੀਆਂ ਹਨ। ਉਹ ਕੇਵਲ ਘੋਲ ਦਾ ਸਮੱਰਥਨ ਹੀ ਨਹੀਂ ਕਰਨਗੀਆਂ ਸਗੋਂ ਆਪਣੇ ਤੌਰ 'ਤੇ ਵੀ ਇਸ ਮੁੱਦੇ 'ਤੇ ਸੰਘਰਸ਼ ਦਾ ਐਲਾਨ ਕਰਨਗੀਆਂ।
ਤਿੰਨਾਂ ਕਿਸਾਨ ਜਥੇਬੰਦੀਆਂ ਨੇ ਐੱਸ ਵਾਈ ਐੱਲ ਦੇ ਸੁਆਲ 'ਤੇ ਪੰਜਾਬ ਤੇ ਹਰਿਆਣਾ ਦੇ ਆਗੂਆਂ ਵੱਲੋਂ ਦੋਹੀਂ ਪਾਸੀਂ ਪੈਦਾ ਕੀਤੇ ਜਾ ਰਹੇ ਬੇਲੋੜੇ ਆਪਸੀ ਟਕਰਾਅ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਮੁੱਦੇ ਨੂੰ ਤਰਕਸੰਗਤ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾ ਮੰਗ ਕੀਤੀ ਕਿ ਪੰਜਾਬ ਨੂੰ ਉਸ ਦੀ ਬਣਦੀ ਲੋੜ ਮੁਤਾਬਕ ਪਾਣੀ ਦਿੱਤਾ ਜਾਵੇ, ਕਿਉਂਕਿ ਸੂਬੇ ਦੇ 142 ਜ਼ੋਨਾਂ 'ਚੋਂ 122 ਨੂੰ ਪਹਿਲਾਂ ਹੀ ਡਾਰਕ ਜ਼ੋਨ ਐਲਾਨਿਆ ਜਾ ਚੁੱਕਾ ਹੈ। ਇਸ ਤਰ੍ਹਾਂ ਪੰਜਾਬ ਪਹਿਲਾਂ ਹੀ ਸੰਕਟ 'ਚੋਂ ਗੁਜ਼ਰ ਰਿਹਾ ਹੈ ਤੇ ਪਾਣੀ ਵਿੱਚ ਕੀਤੀ ਕੋਈ ਵੀ ਕਟੌਤੀ ਸੂਬੇ ਦੀ ਕਿਰਸਾਨੀ ਵਾਸਤੇ ਮਾਰੂ ਸਿੱਧ ਹੋਵੇਗੀ।
ਕਿਸਾਨ ਆਗੂਆਂ ਨੇ ਮਾਲਵੇ 'ਚ ਪਾਵਰਕਾਮ ਵੱਲੋਂ ਕਿਸਾਨਾਂ ਦੇ ਟਿਊਬਵੈੱਲਾਂ ਦੇ ਆਟੋਮੈਟਿਕ ਸਟਾਰਟਰ ਧੱਕੇ ਨਾਲ ਲੁਹਾਏ ਜਾਣ ਅਤੇ ਜੁਰਮਾਨੇ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪਾਵਰਕਾਮ ਇਸ ਧੱਕੇਸ਼ਾਹੀ ਨੂੰ ਫੌਰੀ ਤੌਰ 'ਤੇ ਬੰਦ ਕਰੇ। ਉਨ੍ਹਾ ਕਿਹਾ ਕਿ ਬਿਜਲੀ ਦੀ ਸਪਲਾਈ ਦਾ ਕੋਈ ਵੀ ਪੱਕਾ ਸਮਾਂ ਨਹੀਂ ਹੈ। ਕੋਈ ਪਤਾ ਨਹੀਂ ਬਿਜਲੀ ਕਦ ਆਵੇ, ਕਦ ਚਲੀ ਜਾਵੇ। ਅਜਿਹੇ ਹਾਲਾਤ ਵਿੱਚ ਆਟੋਮੈਟਿਕ ਸਟਾਰਟਰ ਕਿਸਾਨ ਦੀ ਮੁੱਢਲੀ ਲੋੜ ਬਣ ਗਏ ਹਨ। ਉਂਝ ਵੀ ਕਿਸਾਨ ਆਪਣੀ ਮੋਟਰ 'ਤੇ ਆਈ ਬਿਜਲੀ ਨੂੰ ਹੀ ਵਰਤ ਰਹੇ ਹਨ, ਉਹ ਕੋਈ ਚੋਰੀ ਨਹੀਂ ਕਰ ਰਹੇ।
ਕਿਸਾਨ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਤਿੰਨਾਂ ਕਿਸਾਨ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੋਰਨਾਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਜਲਦੀ ਹੀ ਕਿਸਾਨੀ ਮੰਗਾਂ ਨੂੰ ਲੈ ਕੇ ਸਾਂਝੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।