ਮੋਦੀ ਦੀਆਂ ਸੜਕ-ਛਾਪ ਤਕਰੀਰਾਂ ਨੇ ਪ੍ਰਧਾਨ ਮੰਤਰੀ ਅਹੁਦੇ ਦਾ ਮਾਣ ਘਟਾਇਆ : ਸੁਧਾਕਰ ਰੈਡੀ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਹੇਠਲੇ ਪੱਧਰ ਦੀਆਂ ਸਸਤੀਆਂ ਤਕਰੀਰਾਂ ਦੀ ਨਿਖੇਧੀ ਕਰਦਿਆਂ ਸੀ ਪੀ ਆਈ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੇ ਵਿਰੋਧੀ ਵਰਗੀਆਂ ਤੇ ਸੜਕ-ਛਾਪ ਆਗੂਆਂ ਵਰਗੀਆਂ ਅਜਿਹੀਆਂ ਸਸਤੀਆਂ ਟਿੱਪਣੀਆਂ ਕਰਕੇ ਪ੍ਰਧਾਨ ਮੰਤਰੀ ਦੇ ਰੁਤਬੇ ਦੇ ਸਤਿਕਾਰ ਨੂੰ ਠੇਸ ਪਹੁੰਚਾਈ ਹੈ। ਸੀ ਪੀ ਆਈ ਦੇ ਜਨਰਲ ਸਕੱਤਰ ਸਾਥੀ ਸੁਧਾਕਰ ਰੈਡੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੇਠਲੇ ਦਰਜੇ ਦੀਆਂ ਸਸਤੀਆਂ ਤਕਰੀਰਾਂ ਰਾਹੀਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਲੋਕਾਂ ਨੂੰ ਫਿਰਕੂ ਅਤੇ ਜਾਤੀਵਾਦੀ ਲੀਹਾਂ 'ਤੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਬਰਿਸਤਾਨਾਂ ਤੇ ਸ਼ਮਸ਼ਾਨ ਭੂਮੀਆਂ ਦੇ ਨਾਲ-ਨਾਲ ਜਾਤ ਦੇ ਨਾਂਅ 'ਤੇ ਅਜਿਹੀਆਂ ਟਿੱਪਣੀਆਂ ਉਹਨਾਂ ਦੀ ਨਿਰਾਸ਼ਾ ਦਾ ਪ੍ਰਤੀਕ ਹਨ।
ਉਨ੍ਹਾ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਵਿਰੋਧੀਆਂ ਦੀ ਆਲੋਚਨਾ ਕੁਦਰਤੀ ਹੈ। ਇਹ ਆਲੋਚਨਾ ਵਿਰੋਧੀ ਪਾਰਟੀ ਜਾਂ ਸਰਕਾਰ ਦੀਆਂ ਅਸਫਲਤਾਵਾਂ ਗਿਣਾਉਣ ਅਤੇ ਨੀਤੀਆਂ ਤੇ ਸਿਆਸੀ ਲੀਹ 'ਤੇ ਹੀ ਕੇਂਦਰਤ ਹੋਣੀ ਚਾਹੀਦੀ ਹੈ, ਪਰ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੀਆਂ ਤਕਰੀਰਾਂ ਬਦਕਿਸਮਤੀ ਨਾਲ ਇਹਨਾਂ ਲੀਹਾਂ 'ਤੇ ਨਹੀਂ ਹਨ।
ਸਾਥੀ ਰੈਡੀ ਨੇ ਦੋਸ਼ ਲਾਇਆ ਕਿ ਭਾਜਪਾ ਦੀ ਚੋਟੀ ਹਦ ਲੀਡਲਸ਼ਿਪ ਨੂੰ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਦੇ ਮਾਣ-ਸਤਿਕਾਰ ਦੀ ਕੋਈ ਵੀ ਪ੍ਰਵਾਹ ਨਹੀਂ ਹੈ, ਜਿਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਧਰਮ ਤੇ ਜਾਤ ਨੂੰ ਵਰਤਣ ਲਈ ਸਖਤ ਮਨਾਹੀ ਕੀਤੀ ਹੋਈ ਹੈ। ਪ੍ਰਧਾਨ ਮੰਤਰੀ ਵੱਲੋਂ ਵੀ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਕਾਂਗਰਸ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਮਿਆਰੀ ਨਹੀਂ ਹਨ। ਨਰਿੰਦਰ ਮੋਦੀ ਨੇ ਸੜਕ-ਛਾਪ ਆਗੂ ਵਾਂਗ ਅਜਿਹੀਆਂ ਸਸਤੀਆਂ ਟਿੱਪਣੀਆਂ ਕਰਕੇ ਪ੍ਰਧਾਨ ਮੰਤਰੀ ਦੇ ਰੁਤਬੇ ਦਾ ਮਾਣ ਘਟਾਇਆ ਹੈ। ਉਨ੍ਹਾ ਕਿਹਾ ਕਿ ਭਾਜਪਾ ਅਤੇ ਉਸ ਦੇ ਆਗੂਆਂ ਦਾ ਸਿਆਸੀ ਸੱਭਿਆਚਾਰ ਅਫਸੋਸਨਾਕ ਹੈ।
ਸੀ ਪੀ ਆਈ ਦੇ ਜਨਰਲ ਸਕੱਤਰ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਇਹਨਾਂ ਤਕਰੀਰਾਂ ਤੇ ਟਿੱਪਣੀਆਂ ਦੇ ਮੱਦੇਨਜ਼ਰ ਪ੍ਰਭਾਵਸ਼ਾਲੀ ਢੰਗ ਨਾਲ ਦਖਲ ਦੇਵੇ। ਉਨ੍ਹਾ ਦੱਸਿਆ ਕਿ ਸੀ ਪੀ ਆਈ ਆਗੂ ਅਤੁਲ ਕੁਮਾਰ ਅਨਜਾਨ ਇਹਨਾਂ ਮੁੱਦਿਆਂ 'ਤੇ ਚੋਣ ਕਮਿਸ਼ਨ ਨੂੰ ਲਿਖ ਚੁੱਕੇ ਹਨ ਤਾਂ ਕਿ ਉੱਥੇ ਆਜ਼ਾਦ ਤੇ ਨਿਰਪੱਖ ਮਾਹੌਲ 'ਚ ਚੋਣਾਂ ਹੋ ਸਕਣ।