ਥਲ ਸੈਨਾ ਦੇ ਮੁਖੀ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀਆਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸ਼ੋਪੀਆਂ ਹਮਲੇ ਦੇ ਸ਼ਹੀਦਾਂ ਨੂੰ ਫ਼ੌਜ ਦੀ ਇੱਕ ਟੁਕੜੀ ਨੇ ਅੰਤਮ ਸਲਾਮੀ ਦਿੱਤੀ ਅਤੇ ਉਸ ਦੇ ਬਾਅਦ ਤਿਰੰਗੇ 'ਚ ਲਿਪਟੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਪੂਰੇ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਕੋਲ ਭੇਜੀਆਂ ਗਈਆਂ। ਸ੍ਰੀਨਗਰ ਸ਼ੋਪੀਆਂ 'ਚ ਅੱਤਵਾਦੀਆਂ ਦੇ ਹਮਲੇ 'ਚ ਸ਼ਹੀਦ ਹੋਏ ਤਿੰਨ ਜਵਾਨਾਂ ਨੂੰ ਸ਼ੁੱਕਰਵਾਰ ਨੂੰ ਥਲ ਸੈਨਾ ਮੁਖੀ ਜਨਰਲ ਵਿਪਨ ਰਾਵਤ, ਫ਼ੌਜ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਭਾਵਪੂਰਨ ਸ਼ਰਧਾਂਜਲੀ ਅਰਪਿਤ ਕੀਤੀ।
ਜ਼ਿਕਰਯੋਗ ਹੈ ਕਿ ਵੀਰਵਾਰ ਦੀ ਸਵੇਰ ਸ਼ੋਪੀਆਂ ਜ਼ਿਲ੍ਹੇ ਦੇ ਮੁਲੂ ਪਿੰਡ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਘਾਤ ਲਗਾ ਕੇ ਹਮਲਾ ਕੀਤਾ ਸੀ। ਇਸ ਹਮਲੇ 'ਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਹਮਲੇ 'ਚ ਇੱਕ ਲੈਫ਼ਟੀਨੈਂਟ ਕਰਨਲ ਅਤੇ ਮੇਜਰ ਸਮੇਤ ਪੰਜ ਜਵਾਨ ਜ਼ਖ਼ਮੀ ਹੋਏ ਸੀ। ਗੌਰਤਲਬ ਹੈ ਕਿ ਸ਼ਰਧਾਂਜਲੀ ਉਪਰੰਤ ਜਨਰਲ ਰਾਵਤ ਨੇ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਬੈਠਕ 'ਚ ਕਸ਼ਮੀਰ ਦੇ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਂਦੇ ਹੋਏ ਘੁਸਪੈਠ ਅਤੇ ਅੱਤਵਾਦੀਆਂ ਨਾਲ ਨਿਪਟਣ ਦੀ ਰਣਨੀਤੀ 'ਚ ਕੁਝ ਜ਼ਰੂਰੀ ਬਦਲਾਅ ਦਾ ਹੁਕਮ ਵੀ ਦਿੱਤਾ।