ਬਾਦਲ ਦੇ ਐਲਾਨ ਸਬਜ਼ੀ ਤੇ ਆਲੂ ਉਤਪਾਦਕਾਂ ਦਾ ਕੁਝ ਨਹੀਂ ਸੁਆਰਦੇ : ਸਾਂਬਰ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਆਲੂ ਉਤਪਾਦਕਾਂ ਦੀ ਮਦਦ ਦੇ ਨਾਂਅ ਉਤੇ ਵਪਾਰੀਆਂ ਨੂੰ ਦਿੱਤੀਆਂ ਰਿਆਇਤਾਂ ਨੂੰ ਗੁੰਮਰਾਹਕੁਨ, ਲੁੱਟੇ ਜਾ ਰਹੇ ਉਤਪਾਦਕਾਂ ਦੀਆਂ ਅੱਖਾਂ ਪੂੰਝਣ ਵਾਲੀਆਂ ਕਰਾਰ ਦਿੱਤਾ ਹੈ।
ਸਾਥੀ ਸਾਂਬਰ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਅਤੇ ਨੋਟਬੰਦੀ ਨੇ ਮਟਰਾਂ, ਸਬਜ਼ੀਆਂ, ਆਲੂ ਉਤਪਾਦਕਾਂ ਦਾ ਕਚੂਮਰ ਕੱਢ ਦਿੱਤਾ ਹੈ, ਪਰ ਪੰਜਾਬ ਸਰਕਾਰ ਨੇ ਵਪਾਰੀਆਂ ਤੋਂ ਲਏ ਜਾਂਦੇ ਵਭਿੰਨ ਟੈਕਸਾਂ ਵਿਚ ਛੋਟਾਂ ਦਾ ਐਲਾਨ ਕੀਤਾ ਹੈ। ਇਸ ਨੇ ਕਿਸਾਨਾਂ ਦੀਆਂ ਮੁੱਖ ਮੰਗਾਂ ਆਲੂਆਂ ਦੇ ਸਹਾਇਕ ਮੁਲ 600 ਰੁਪਏ ਕੁਇੰਟਲ ਬੰਨ੍ਹ ਕੇ ਆਪ ਸਾਰਾ ਆਲੂ ਚੁੱਕਣ ਦੀ ਮੰਗ ਬਾਰੇ ਚੁੱਪ ਹੀ ਧਾਰੀ ਹੋਈ ਹੈ।
ਸਾਥੀ ਸਾਂਬਰ ਨੇ ਜ਼ੋਰ ਦਿੱਤਾ ਕਿ ਸਰਕਾਰ ਆਲੂ ਅਤੇ ਸਬਜ਼ੀਆਂ ਦੇ ਉਤਪਾਦਕਾਂ ਦੀਆਂ ਜਥੇਬੰਦੀਆਂ ਅਤੇ ਕਿਸਾਨ ਸੰਗਠਨਾਂ ਨਾਲ ਸਿੱਧੀ ਗੱਲਬਾਤ ਕਰੇ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇ, ਜਿਨ੍ਹਾਂ ਵਿਚ ਮੁੱਖ ਮੰਗਾਂ ਹਨ ਕਿ ਆਲੂਆਂ ਦਾ ਘਟੋ-ਘਟ ਭਾਅ ਛੇ ਸੌ ਰੁਪਏ ਕੁਇਟਲ ਬੰਨ੍ਹ ਕੇ ਆਪ ਸਾਰਾ ਆਲੂ ਚੁੱਕੇ। ਮਟਰ ਅਤੇ ਸਬਜ਼ੀ ਉਤਪਾਦਕਾਂ ਨੂੰ ਚਾਲੀ ਹਜ਼ਾਰ ਰੁਪਏ ਏਕੜ ਮੁਆਵਜ਼ਾ ਦੇ ਕੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇ।
ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਮੱਕੀ 9108 ਦਾ ਬੀਜ ਦੁਗਣਾ ਮਹਿੰਗਾ ਹੋ ਗਿਆ ਹੈ। ਸਰਕਾਰ ਇਹ ਬੀਜ਼ ਫੌਰਨ ਆਪ ਤੇ ਸਸਤਾ ਸਪਲਾਈ ਕਰੇ।
ਸਾਥੀ ਸਾਂਬਰ ਨੇ ਕਿਹਾ ਕਿ ਹਾੜ੍ਹੀ ਦੀ ਫਸਲ ਸਿਰ ਉਤੇ ਆ ਗਈ ਹੈ। ਸ੍ਰੀ ਬਾਦਲ ਕੇਂਦਰੀ ਹਾਕਮਾਂ ਨੂੰ ਮਨਾਉਣ ਕਿ ਹਾੜ੍ਹੀ ਦੀਆਂ ਫਸਲਾਂ ਖਾਸ ਕਰ ਕਣਕ ਦਾ ਘਟੋ-ਘੱਟ ਸਹਾਇਕ ਮੁੱਲ ਤੀਹ ਫੀਸਦੀ ਵਧਾਇਆ ਜਾਵੇ ਜਾਂ ਫੇਰ ਇਸ ਦੇ ਬਰਾਬਰ ਬੋਨਸ ਦਿਤਾ ਜਾਵੇ; ਕਣਕ ਦੀ ਦਰਾਮਦ ਤੋਂ ਹਟਾਇਆ 25 ਫੀਸਦੀ ਟੈਕਸ ਦੁਬਾਰਾ ਲਾਗੂ ਕੀਤਾ ਜਾਵੇ ਅਤੇ ਬਾਹਰੋਂ ਕਣਕ ਮੰਗਵਾਉਣੀ ਬੰਦ ਕੀਤੀ ਜਾਵੇ।