ਭਾਰਤ 'ਚ ਵਿਚਾਰਧਾਰਾ ਫੈਲਾਉਣੀ ਚਾਹੁੰਦੈ ਆਈ ਐੱਸ : ਰਾਮ ਮੂਰਤੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਈ ਐੱਸ ਆਈ ਐੱਸ ਦੇ ਕਬਜ਼ੇ 'ਚੋਂ ਛੁਡਾਏ ਗਏ ਭਾਰਤੀ ਡਾਕਟਰ ਕੇ. ਰਾਮਮੂਰਤੀ ਨੇ ਕਿਹਾ ਹੈ ਕਿ ਇਸਲਾਮਿਕ ਸਟੇਟ ਭਾਰਤ ਦੇ ਵਿਦਿਅਕ ਅਤੇ ਆਰਥਿਕ ਵਿਕਾਸ 'ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾ ਕਿਹਾ ਕਿ ਇਹ ਖੌਫ਼ਨਾਕ ਅੱਤਵਾਦੀ ਜਥੇਬੰਦੀ ਭਾਰਤ 'ਚ ਆਪਣੀ ਜ਼ਹਿਰੀਲੀ ਵਿਚਾਰਧਾਰਾ ਨੂੰ ਫੈਲਾਉਣਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਪੜ੍ਹੇ-ਲਿਖੇ ਨੌਜੁਆਨ ਵੀ ਅੱਤਵਾਦੀ ਜਥੇਬੰਦੀ ਨਾਲ ਜੁੜ ਰਹੇ ਹਨ ਅਤੇ ਉਨ੍ਹਾਂ ਨੂੰ ਭਾਰਤ ਦੇ ਵਿਕਾਸ ਬਾਰੇ ਪੂਰੀ ਜਾਣਕਾਰੀ ਹੈ। ਉਨ੍ਹਾ ਕਿਹਾ ਕਿ ਆਈ ਐੱਸ ਆਈ ਐੱਸ ਦੇ ਅੱਤਵਾਦੀਆਂ ਦਰਮਿਆਨ ਰਹਿ ਕੇ ਮੈਂ ਇਸ ਸਿੱਟੇ 'ਤੇ ਪੁੱਜਾ ਹਾਂ ਕਿ ਅੱਤਵਾਦੀ ਜਥੇਬੰਦੀ ਭਾਰਤ ਸਮੇਤ ਪੂਰੀ ਦੁਨੀਆ 'ਚ ਆਪਣੀ ਵਿਚਾਰਧਾਰਾ ਫੈਲਾਉਣਾ ਚਾਹੁੰਦੀ ਹੈ।
ਉਨ੍ਹਾ ਆਈ ਐੱਸ ਆਈ ਐੱਸ ਦੇ ਚੁੰਗਲ 'ਚੋਂ ਮੁਕਤ ਕਰਵਾਉਣ ਲਈ ਕੀਤੇ ਗਏ ਯਤਨਾਂ ਲਈ ਪ੍ਰਧਾਨ ਮੰਤਰੀ, ਕੌਮੀ ਸੁਰੱਖਿਆ ਸਲਾਹਕਾਰ ਅਤੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ। ਅੱਤਵਾਦੀਆਂ ਦੇ ਖੌਫ਼ ਦਾ ਜ਼ਿਕਰ ਕਰਦਿਆਂ ਡਾ. ਰਾਮਮੂਰਤੀ ਨੇ ਕਿਹਾ ਕਿ ਮੈਨੂੰ 10 ਦਿਨਾਂ 'ਚ ਤਿੰਨ ਵਾਰ ਗੋਲੀ ਮਾਰੀ ਗਈ ਅਤੇ ਅਪਰੇਸ਼ਨ ਥੀਏਟਰ 'ਚ ਲਿਜਾ ਕੇ ਜ਼ਬਰਦਸਤੀ ਸਰਜਰੀ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਵੁਜੂ ਕਰਨਾ ਅਤੇ ਨਮਾਜ਼ ਪੜਣੀ ਸਿਖਾਈ ਗਈ। ਉਨ੍ਹਾ ਦੱਸਿਆ ਕਿ ਮੈਨੂੰ ਹਿੰਸਕ ਵੀਡੀਓਜ਼ ਦਿਖਾਏ ਗਏ, ਜਿਨ੍ਹਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਸੀ।
ਜ਼ਿਕਰਯੋਗ ਹੈ ਕਿ ਡਾ. ਰਾਮਮੂਰਤੀ ਨੂੰ 18 ਮਹੀਨੇ ਪਹਿਲਾਂ ਆਈ ਐੱਸ ਆਈ ਅੱੈਸ ਦੇ ਅੱਤਵਾਦੀਆਂ ਨੇ ਅਗਵਾ ਕਰ ਲਿਆ ਗਿਆ ਅਤੇ ਭਾਰਤ ਸਰਕਾਰ ਦੇ ਯਤਨਾਂ ਸਦਕਾ ਉਨ੍ਹਾ ਨੂੰ 14 ਫ਼ਰਵਰੀ ਨੂੰ ਅੱਤਵਾਦੀ ਜਥੇਬੰਦੀ ਦੀ ਲੀਬੀਆ ਜੇਲ੍ਹ 'ਚੋਂ ਮੁਕਤ ਕਰਵਾਇਆ ਗਿਆ।
ਡਾਕਟਰ ਰਾਮਮੂਰਤੀ ਨੇ ਆਪਣੇ ਅਗਵਾ ਬਾਰੇ ਦੱਸਦਿਆਂ ਕਿਹਾ ਕਿ ਰਮਜ਼ਾਨ ਮੌਕੇ ਕੁਝ ਅੱਤਵਾਦੀ ਮੇਰੇ ਕੋਲ ਆਏ ਅਤੇ ਮਦਦ ਮੰਗੀ। ਮੇਰੇ ਇਨਕਾਰ ਕਰਨ 'ਤੇ ਉਹ ਮੈਨੂੰ ਜ਼ਬਰਦਸਤੀ ਅਗਵਾ ਕਰ ਕੇ ਲੈ ਗਏ ਅਤੇ ਸਭ ਤੋਂ ਪਹਿਲਾਂ ਜਥੇਬੰਦੀ ਦੀ ਸਿਰਤੇ ਸ਼ਹਿਰ ਵਿਚਲੀ ਅਦਾਲਤ 'ਚ ਲਿਜਾਇਆ ਗਿਆ। ਉਸ ਮਗਰੋਂ ਮੈਨੂੰ ਇੱਕ ਅੰਡਰ ਗਰਾਊਂਡ ਜੇਲ੍ਹ 'ਚ ਲਿਜਾਇਆ ਗਿਆ, ਜਿਥੇ ਮੇਰੀ ਮੁਲਾਕਾਤ ਤੁਰਕੀ ਦੇ ਲੋਕਾਂ ਨਾਲ ਹੋਈ ਅਤੇ ਉਥੇ ਅੱਤਵਾਦੀ ਜਥੇਬੰਦੀ ਦੇ ਆਦਮੀਆਂ ਨੇ ਮੈਨੂੰ ਇਸਲਾਮ ਬਾਰੇ ਜਾਣਕਾਰੀ ਦਿੱਤੀ ਤੇ ਵੁਜੂ ਕਰਨਾ ਦੇ ਨਮਾਜ਼ ਪੜ੍ਹਣੀ ਸਿਖਾਈ।
ਅੱਤਵਾਦੀਆਂ ਦੇ ਤਸ਼ੱਦਦ ਬਾਰੇ ਉਨ੍ਹਾ ਕਿਹਾ ਕਿ ਜਦੋਂ ਮੈਂ ਕੈਂਪ 'ਚ ਸੀ ਤਾਂ 10 ਦਿਨਾਂ 'ਚ ਮੈਨੂੰ ਤਿੰਨ ਵਾਰ ਗੋਲੀ ਮਾਰੀ ਗਈ। ਇੱਕ ਗੋਲੀ ਮੇਰੇ ਖੱਬੇ ਹੱਥ 'ਚ ਅਤੇ ਦੋ ਪੈਰਾਂ 'ਚ ਲੱਗੀਆਂ। ਉਨ੍ਹਾਂ ਮੈਨੂੰ ਅਪਰੇਸ਼ਨ ਥੀਏਟਰ 'ਚ ਜਾ ਕੇ ਅਪਰੇਸ਼ਨ ਕਰਨ ਅਤੇ ਟਾਂਕੇ ਲਾਉਣ ਲਈ ਕਿਹਾ, ਪਰ ਮੈਂ ਅਜਿਹਾ ਕਦੇ ਨਾ ਕੀਤਾ। ਉਨ੍ਹਾ ਦੱਸਿਆ ਕਿ ਅੱਤਵਾਦੀਆਂ ਨੇ ਉਨ੍ਹਾ ਨਾਲ ਕਦੇ ਕੁੱਟਮਾਰ ਨਾ ਕੀਤੀ, ਪਰ ਗਾਲ੍ਹਾਂ ਬਹੁਤ ਕੱਢਦੇ ਸਨ।
ਮਗਰੋਂ ਮੈਨੂੰ ਕਿਹਾ ਗਿਆ ਕਿ ਮੈਂ ਹਸਪਤਾਲ 'ਚ ਕੰਮ ਕਰਾਂ ਅਤੇ ਜ਼ਖ਼ਮੀਆਂ ਦੇ ਅਪਰੇਸ਼ਨ ਕਰਾਂ, ਪਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਉਮਰ 61 ਸਾਲ ਹੈ ਅਤੇ 15 ਮਿੰਟ ਤੋਂ ਵੱਧ ਸਮਾਂ ਖੜੇ ਹੋਣਾ ਮੇਰੇ ਲਈ ਮੁਸ਼ਕਲ ਹੈ ਅਤੇ ਮੈਂ ਡਾਕਟਰ ਹਾਂ, ਪਰ ਮੈਨੂੰ ਸਰਜਰੀ ਦਾ ਤਜਰਬਾ ਨਹੀਂ, ਜਿਸ ਮਗਰੋਂ ਉਨ੍ਹਾਂ ਮੈਨੂੰ ਦੂਜੀ ਜੇਲ੍ਹ 'ਚ ਸ਼ਿਫ਼ਟ ਕਰ ਦਿੱਤਾ। ਉਨ੍ਹਾ ਦੱਸਿਆ ਕਿ ਅੱਤਵਾਦੀ ਆਪਣੀ ਜਥੇਬੰਦੀ ਲਈ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਜਥੇਬੰਦੀ ਵੱਲੋਂ ਬਣਾਏ ਗਏ ਹਰੇਕ ਨਿਯਮ ਦੀ ਪਾਲਣਾ ਕਰਦੇ ਹਨ। ਉਨ੍ਹਾ ਦੱਸਿਆ ਕਿ ਆਈ ਐੱਸ ਆਈ ਐੱਸ 'ਚ 10 ਸਾਲ ਦੇ ਬੱਚੇ ਤੋਂ ਲੈ ਕੇ 65 ਸਾਲ ਤੱਕ ਦੇ ਬਜ਼ੁਰਗ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਬੱਚੇ ਅਤੇ ਬਜ਼ੁਰਗ ਆਤਮਘਾਤੀ ਹਮਲਾਵਰ ਵਜੋਂ ਕੰਮ ਕਰਦੇ ਹਨ।

ਗੁਜਰਾਤ 'ਚ ਪਹਿਲੀ ਵਾਰ ਆਈ ਐੱਸ ਦੇ ਦੋ ਸ਼ੱਕੀ ਗ੍ਰਿਫ਼ਤਾਰ
ਅਹਿਮਦਾਬਾਦ
(ਨਵਾਂ ਜ਼ਮਾਨਾ ਸਰਵਿਸ)
ਗੁਜਰਾਤ 'ਚ ਆਈ ਐੱਸ ਆਈ ਐੱਸ ਨਾਲ ਸੰਬੰਧਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗੁਜਰਾਤ ਦੇ ਇਹ ਅੱਤਵਾਦੀ ਸਕੇ ਭਰਾ ਹਨ ਅਤੇ ਕੰਪਿਊਟਰ ਦੇ ਮਾਹਰ ਹਨ।
ਪੁੱਛਗਿੱਛ ਦੌਰਾਨ ਪਤਾ ਚਲਿਆ ਕਿ ਸੌਰਾਸ਼ਟਰ ਦਾ ਮਸ਼ਹੂਰ ਮੰਦਰ, ਮਾਲਜ਼ ਅਤੇ ਕਈ ਹੋਰ ਪ੍ਰਸਿੱਧ ਥਾਵਾਂ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਪੁਲਸ ਅਨੁਸਾਰ ਇੱਕ ਭਰਾ ਨੂੰ ਰਾਜਕੋਟ ਤੋਂ, ਜਦਕਿ ਦੂਜੇ ਭਰਾ ਨੂੰ ਭਾਵਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਨੁਸਾਰ ਗੁਜਰਾਤ 'ਚੋਂ ਆਈ ਐੱਸ ਆਈ ਐੱਸ ਨਾਲ ਸੰਬੰਧਤ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਦਾ ਇਹ ਪਹਿਲਾ ਮਾਮਲਾ ਹੈ। ਪਤਾ ਚਲਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਭਰਾਵਾਂ ਚੋਂ ਇੱਕ ਐੱਮ ਸੀ ਏ ਅਤੇ ਦੂਜਾ ਬੀ ਸੀ ਏ ਪਾਸ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਹੋਰ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਗ੍ਰਿਫ਼ਤਾਰ ਕੀਤੇ ਗਏ ਭਰਾਵਾਂ ਤੋਂ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।