ਸੁਪਰੀਮ ਕੋਰਟ ਆਂਸਲ ਦੀ ਪਟੀਸ਼ਨ 'ਤੇ ਸੁਣਵਾਈ ਲਈ ਰਾਜ਼ੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਪਹਾਰ ਸਿਨੇਮਾ ਅਗਨੀ ਕਾਂਡ ਦੇ ਦੋਸ਼ੀ ਗੋਪਾਲ ਆਂਸਲ ਵੱਲੋਂ ਜੇਲ੍ਹ ਦੀ ਸਜ਼ਾ 'ਚ ਬਦਲਾਅ ਦੀ ਮੰਗ ਸੰਬੰਧੀ ਦਾਖ਼ਲ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਲਈ 3 ਮਾਰਚ ਦੀ ਤਰੀਕ ਨਿਰਧਾਰਿਤ ਕੀਤੀ ਹੈ। ਅਸਲ 'ਚ ਗੋਪਾਲ ਆਂਸਲ ਨੇ ਆਪਣੇ ਭਰਾ ਸੁਸ਼ੀਲ ਆਂਸਲ ਦੇ ਬਰਾਬਰ ਸਜ਼ਾ 'ਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ। ਬੀਤੀ 9 ਫ਼ਰਵਰੀ ਨੂੰ ਸੁਪਰੀਮ ਕੋਰਟ ਨੇ ਪੁਨਰ-ਵਿਚਾਰ ਪਟੀਸ਼ਨ 'ਤੇ ਸੁਣਵਾਈ ਕਰਦਿਆ ਸੁਸ਼ੀਲ ਆਂਸਲ ਦੀ ਉਮਰ ਨੂੰ ਦੇਖਦਿਆਂ ਉਸ ਦੀ ਸਜ਼ਾ ਮੁਆਫ਼ ਕਰ ਦਿੱਤੀ ਸੀ, ਜਦਕਿ ਗੋਪਾਲ ਆਂਸਲ ਨੂੰ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਮਾਮਲੇ ਦੀ ਸੁਣਵਾਈ ਕਰ ਰਹੇ ਤਿੰਨ ਮੈਂਬਰਾਂ ਦੇ ਬੈਂਚ ਨੇ ਗੋਪਾਲ ਆਂਸਲ ਨੂੰ 4 ਹਫ਼ਤਿਆਂ 'ਚ ਆਤਮ-ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਸਨ। ਨਾਲ ਹੀ ਆਂਸਲ ਭਰਾਵਾਂ ਨੂੰ 30-30 ਕਰੋੜ ਦਾ ਬਰਾਬਰ ਜੁਰਮਾਨਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਦੋਵਾਂ ਦੋਸ਼ੀਆਂ ਨੂੰ ਦਿੱਲੀ ਹਾਈ ਕੋਰਟ ਨੇ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਸੀ, ਜਦਕਿ ਸੁਪਰੀਮ ਕੋਰਟ ਨੇ ਸਜ਼ਾ ਮੁਆਫ਼ ਕਰਕੇ 30-30 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਸੁਸ਼ੀਲ ਆਂਸਲ 5 ਮਹੀਨੇ ਅਤੇ ਗੋਪਾਲ ਆਂਸਲ ਚਾਰ ਮਹੀਨੇ ਦੀ ਸਜ਼ਾ ਕੱਟ ਚੁੱਕੇ ਹਨ।
ਸਾਲ 1997 'ਚ ਉਪਹਾਰ ਸਿਨੇਮਾ ਕਾਂਡ ਉਸ ਵੇਲੇ ਹੋਇਆ ਸੀ, ਜਦੋਂ ਸਿਨੇਮਾ 'ਚ ਹਿੰਦੀ ਫ਼ਿਲਮ 'ਬਾਰਡਰ' ਚੱਲ ਰਹੀ ਸੀ। ਇਸ ਅਗਨੀ ਕਾਂਡ 'ਚ 59 ਦਰਸ਼ਕ ਮਾਰੇ ਗਏ ਸਨ, ਜਿਨ੍ਹਾ 'ਚ ਕਰੀਬ ਦੋ ਦਰਜਨ ਬੱਚੇ ਸ਼ਾਮਲ ਸਨ। ਮਾਮਲੇ 'ਚ ਰੀਅਲ ਅਸਟੇਟ ਕਾਰੋਬਾਰੀ ਅਤੇ ਉਪਹਾਰ ਸਿਨੇਮਾ ਦੇ ਮਾਲਕ ਆਂਸਲ ਭਰਾਵਾਂ 'ਤੇ ਲਾਪਰਵਾਹੀ ਵਰਤਣ ਲਈ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।