ਮੋਦੀ ਭਾੜੇ ਦੇ ਲੋਕ ਲਿਆ ਕੇ ਰੈਲੀਆਂ ਕਰ ਰਹੇ ਹਨ : ਮਾਇਆਵਤੀ


ਮਊ (ਨਵਾਂ ਜ਼ਮਾਨਾ ਸਰਵਿਸ)
ਬਸਪਾ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲੇ ਕਰਦਿਆਂ ਮਊ ਵਿੱਚ ਰੈਲੀ ਲਈ ਭਾੜੇ 'ਤੇ ਲੋਕ ਲਿਆਉਣ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਭਾੜੇ ਦੇ ਲੋਕਾਂ ਦਾ ਇਕੱਠ ਕਰਕੇ ਕਿਹਾ ਕਿ ਰੈਲੀ ਦਾ ਮੈਦਾਨ ਛੋਟਾ ਪੈ ਗਿਆ ਹੈ।
ਉਨ੍ਹਾ ਕਿਹਾ ਕਿ ਭਾਜਪਾ ਲੋਕਾਂ ਸਾਹਮਣੇ ਮੁੱਖ ਮੰਤਰੀ ਦਾ ਚਿਹਰਾ ਵੀ ਪੇਸ਼ ਨਹੀਂ ਕਰ ਸਕੀ ਅਤੇ ਸੂਬੇ ਵਿੱਚ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਹੈ। ਸਮਾਜਵਾਦੀ ਪਾਰਟੀ 'ਤੇ ਹਮਲੇ ਕਰਦਿਆਂ ਉਨ੍ਹਾ ਕਿਹਾ ਕਿ ਪਾਰਟੀ ਆਪਣੇ ਦਾਗੀ ਚਿਹਰੇ ਵਾਲੇ ਮੁੱਖ ਮੰਤਰੀ ਸਾਹਮਣੇ ਕਰਕੇ ਚੋਣ ਲੜ ਰਹੀ ਹੈ। ਉਨ੍ਹਾ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਰਾਜ ਵਿੱਚ ਅਸੁੱਰਖਿਅਤ ਅਤੇ ਅੱਤਵਾਦ ਦਾ ਮਾਹੌਲ ਰਿਹਾ। ਬਸਪਾ ਸੁਪਰੀਮੋ ਨੇ ਕਿਹਾ ਕਿ ਅਖਿਲੇਸ਼ ਸਰਕਾਰ ਵੱਲੋਂ ਬਸਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨੂੰ ਹੀ ਨਾਂਅ ਬਦਲ ਕੇ ਚਲਾਇਆ ਜਾ ਰਿਹਾ ਹੈ ਅਤੇ ਵਿਕਾਸ ਦੇ ਝੂਠੇ ਦਾਅਵੇ ਕੀਤਾ ਜਾ ਰਹੇ ਹਨ।