ਗੁਰਮੇਹਰ ਨੂੰ ਧਮਕੀ ਦੇ ਮਾਮਲੇ 'ਚ ਐੱਫ਼ ਆਈ ਆਰ ਦਰਜ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ 'ਚ ਹੋਈ ਹਿੰਸਾ ਬਾਅਦ ਸੋਸ਼ਲ ਮੀਡੀਆ ਫੇਸਬੁੱਕ, ਟਵਿਟਰ 'ਤੇ ਮੁਹਿੰਮ ਚਲਾਉਣ ਵਾਲੀ ਕਾਰਗਿਲ ਜੰਗ 'ਚ ਸ਼ਹੀਦ ਹੋਏ ਕੈਪਟਨ ਮਨਦੀਪ ਸਿੰਘ ਦੀ ਬੇਟੀ ਗੁਰਮੇਹਰ ਕੌਰ ਨੇ ਹੁਣ ਖੁਦ ਨੂੰ ਮੁਹਿੰਮ ਤੋਂ ਵੱਖ ਕਰ ਲਿਆ ਹੈ। ਉਧਰ ਗੁਰਮੇਹਰ ਨੂੰ ਰੇਪ ਦੀ ਧਮਕੀ ਦੇ ਮਾਮਲੇ 'ਚ ਦਿੱਲੀ ਪੁਲਸ ਨੇ ਐੱਫ਼ ਆਈ ਆਰ ਦਰਜ ਕਰ ਲਈ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਇੱਕ ਟਵੀਟ ਕਰਕੇ ਗੁਰਮੇਹਰ ਨੇ ਕਿਹਾ ਕਿ ਮੈਂ ਖੁਦ ਨੂੰ ਮੁਹਿੰਮ ਤੋਂ ਅਲੱਗ ਕਰ ਰਹੀ ਹਾਂ, ਤੁਹਾਡਾ ਸਭ ਦਾ ਧੰਨਵਾਦ, ਮੈਂ ਜੋ ਕਹਿਣਾ ਸੀ, ਉਹ ਕਹਿ ਚੁੱਕੀ ਹਾਂ। ਆਪਣੇ ਅਗਲੇ ਟਵੀਟ 'ਚ ਗੁਰਮੇਹਰ ਨੇ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀ ਆਈਸਾ ਵੱਲੋਂ ਕੱਢੇ ਜਾਣ ਵਾਲੇ ਮਾਰਚ ਲਈ ਵਿਦਿਆਰਥੀਆਂ ਨੂੰ ਸ਼ੁਭ-ਕਾਮਰਨਾਵਾਂ ਦਿੱਤੀਆਂ ਅਤੇ ਮਾਰਚ 'ਚ ਵੱਧ ਤੋਂ ਵੱਧ ਗਿਣਤੀ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਸ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਉਸ ਦੇ ਲਈ ਨਹੀਂ, ਬਲਕਿ ਸਾਰੇ ਵਿਦਿਆਰਥੀਆਂ ਲਈ ਹੈ। ਨਾਲ ਹੀ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਗੁਰਮੇਹਰ ਨੇ ਕਿਹਾ, 'ਜੋ ਲੋਕ ਵੀ ਮੇਰੀ ਹਿੰਮਤ 'ਤੇ ਸਵਾਲ ਖੜ੍ਹੇੇ ਕਰ ਰਹੇ ਹਨ, ਉਨ੍ਹਾ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਉਸ ਤੋਂ ਵੀ ਜ਼ਿਆਦਾ ਹਿੰਮਤ ਦਿਖਾਈ ਹੈ। ਇਹ ਪੱਕੀ ਗੱਲ ਹੈ ਕਿ ਅੱਗੇ ਤੋਂ ਕੋਈ ਵੀ ਹਿੰਸਾ ਅਤੇ ਧਮਕੀ ਦੇਣ ਤੋਂ ਪਹਿਲਾਂ 2 ਵਾਰ ਜ਼ਰੂਰ ਸੋਚੇਗਾ।'
ਗੌਰਤਲਬ ਹੈ ਕਿ ਏ ਬੀ ਵੀ ਪੀ ਦੀ ਤਿਰੰਗਾ ਯਾਤਰਾ ਬਾਅਦ ਮੰਗਲਵਾਰ ਨੂੰ ਖੱਬੇ ਪੱਖ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਨੇ ਮਾਰਚ ਕੱਢਿਆ। ਉਥੇ ਦੂਜੇ ਪਾਸੇ ਐੱਨ ਐੱਸ ਯੂ ਆਈ ਦੇ ਵਰਕਰ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਹਨ। ਪ੍ਰਦਰਸ਼ਨ ਦੇ ਮੱਦੇਨਜ਼ਰ ਯੂਨੀਵਰਸਿਟੀ ਕੈਂਪਸ 'ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪੁਲਸ ਨੇ ਐੱਫ਼ ਆਈ ਆਰ ਦਰਜ ਕਰਨ ਦੇ ਨਾਲ ਹੀ ਗੁਰਮੇਹਰ ਨੂੰ ਪੂਰੀ ਸੁਰੱਖਿਆ ਵੀ ਦੇਣ ਦੀ ਗੱਲ ਕਹੀ ਹੈ। ਉਧਰ ਖ਼ਬਰ ਹੈ ਕਿ ਗੁਰਮੇਹਰ ਦਿੱਲੀ ਛੱਡ ਕੇ ਜਲੰਧਰ ਆਪਣੇ ਘਰ ਪਰਤ ਆਈ ਹੈ। ਇਸ ਗੱਲ ਦੀ ਪੁਸ਼ਟੀ ਉਸ ਦੀ ਮਾਂ ਨੇ ਵੀ ਕੀਤੀ ਹੈ।