ਆਪਣਾ ਪੈਸਾ ਕਢਵਾਉਣਾ ਹੀ ਹੋ ਗਿਆ ਮਹਿੰਗਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੈਸ਼ਲੈੱਸ ਵਿਵਸਥਾ ਨੂੰ ਬੜ੍ਹਾਵਾ ਦੇਣ ਦੇ ਨਾਂਅ 'ਤੇ ਆਮ ਲੋਕਾਂ ਦੀ ਜੇਬ ਸਾਫ ਕਰਨ ਦਾ ਪ੍ਰਬੰਧ ਕਰਦਿਆਂ ਬੈਂਕਾਂ ਨੇ ਨਿਯਮਾਂ 'ਚ ਕਈ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਨਿੱਜੀ ਤੇ ਸਰਕਾਰੀ ਬੈਂਕਾਂ ਨੇ ਲੈਣ-ਦੇਣ 'ਤੇ ਚਾਰਜ ਵਸੂਲਣ ਦੀ ਤਿਆਰੀ ਕਰ ਲਈ ਹੈ। ਪਹਿਲੀ ਮਾਰਚ ਤੋਂ ਫਰੀ ਟਰਾਂਜ਼ੈਕਸ਼ਨ ਲਿਮਟ ਦੇ ਬਾਅਦ ਗ੍ਰਾਹਕ ਨੂੰ ਹੁਣ ਹਰ ਟਰਾਂਜ਼ੈਕਸ਼ਨ ਲਈ ਫੀਸ ਅਤੇ ਸਰਵਿਸ ਚਾਰਜ ਦੇਣਾ ਹੋਵੇਗਾ।
ਜੇ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ 'ਚ ਹੈ ਤਾਂ ਤੁਹਾਨੂੰ ਮਹੀਨੇ 'ਚ ਤਿੰਨ ਵਾਰ ਨਕਦੀ ਮੁਫਤ ਕਢਵਾਉਣ ਦਿੱਤੀ ਜਾਵੇਗੀ। ਜੇ ਇਸ ਤੋਂ ਜ਼ਿਆਦਾ ਨਕਦੀ ਕਢਵਾਉਂਦੇ ਹੋ ਤਾਂ ਤੁਹਾਨੂੰ ਹਰ ਵਾਰ 50 ਰੁਪਏ ਦਾ ਚਾਰਜ ਅਤੇ ਸਰਵਿਸ ਚਾਰਜ ਦੇਣਾ ਹੋਵੇਗਾ। ਭਾਰਤੀ ਸਟੇਟ ਬੈਂਕ ਨੇ ਇਹ ਨਿਯਮ ਪਹਿਲੀ ਅਪ੍ਰੈਲ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਏ ਟੀ ਐੱਮ ਦੀ ਨਿਕਾਸੀ ਦੀ ਸੀਮਾ ਨੂੰ ਵੀ ਸੀਮਤ ਕਰਨ ਲਈ ਫਿਰ ਤੋਂ ਰਿਜ਼ਰਵ ਬੈਂਕ ਦੇ ਨਿਯਮ ਲਾਗੂ ਹੋ ਜਾਣਗੇ। ਐੱਸ ਬੀ ਆਈ, ਐੱਚ ਡੀ ਐੱਫ ਸੀ, ਆਈ ਸੀ ਆਈ ਸੀ ਆਈ ਅਤੇ ਐੱਕਸਿਸ ਬੈਂਕ ਨੇ ਨਵੇਂ ਨਿਯਮ ਲਾਗੂ ਕਰਨ ਦਾ ਫੈਸਲਾ ਲਿਆ ਹੈ।
ਐੱਚ ਡੀ ਐੱਫ ਸੀ ਬੈਂਕ ਪਹਿਲੀ ਮਾਰਚ ਤੋਂ ਚਾਰ ਵਾਰ ਜਮ੍ਹਾਂ-ਨਿਕਾਸੀ 'ਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਵਸੂਲੇਗੀ। ਇਸ ਤੋਂ ਬਾਅਦ ਹਰ ਜਮ੍ਹਾਂ ਨਿਕਾਸੀ 'ਤੇ 150 ਰੁਪਏ ਸਰਵਿਸ ਚਾਰਜ ਦੇਣਾ ਹੋਵੇਗਾ। ਇੱਕ ਮਹੀਨੇ 'ਚ ਐੱਚ ਡੀ ਐੱਫ ਸੀ ਦੀ ਹੋਮ ਬਰਾਂਚ 'ਚੋਂ 2 ਲੱਖ ਰੁਪਏ ਤੱਕ ਕਢਵਾਏ ਜਾ ਸਕਣਗੇ। ਇਸ ਤੋਂ ਉਪਰ ਨਕਦੀ ਦੀ ਨਿਕਾਸੀ 'ਤੇ ਪ੍ਰਤੀ ਹਜ਼ਾਰ 5 ਰੁਪਏ ਜਾਂ ਘੱਟੋ-ਘੱਟ ਚਾਰਜ 150 ਰੁਪਏ ਦੇਣਾ ਹੋਵੇਗਾ। ਇਸ ਤੋਂ ਇਲਾਵਾ ਦੂਸਰੀ ਬਰਾਂਚ ਤੋਂ ਰੋਜ਼ 25 ਹਜ਼ਾਰ ਰੁਪਏ ਤੱਕ ਟਰਾਂਜ਼ੈਕਸ਼ਨ ਮੁਫਤ ਹੋਵੇਗਾ। ਰਾਹਤ ਦੀ ਗੱਲ ਸਿਰਫ ਇਹ ਹੈ ਕਿ ਬਜ਼ੁਰਗਾਂ ਅਤੇ ਬੱਚਿਆਂ ਦੇ ਖਾਤਿਆਂ 'ਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲਾਇਆ ਗਿਆ। ਐਕਸਿਸ ਬੈਂਕ ਅਤੇ ਆਈ ਸੀ ਆਈ ਸੀ ਆਈ ਦੀ ਹੋਮ ਬਰਾਂਚ ਤੋਂ ਇੱਕ ਮਹੀਨੇ 'ਚ ਇੱਕ ਲੱਖ ਰੁਪਏ ਤੱਕ ਜਮ੍ਹਾਂ-ਨਿਕਾਸੀ ਹੋ ਸਕੇਗੀ। ਇਸ ਤੋਂ ਇਲਾਵਾ 5ਵੇਂ ਲੈਣ-ਦੇਣ 'ਤੇ 150 ਰੁਪਏ ਸਰਵਿਸ ਚਾਰਜ ਦੇਣਾ ਹੋਵੇਗਾ। ਨੋਟਬੰਦੀ ਦੇ ਬਾਅਦ ਏ ਟੀ ਐੱਮ ਤੋਂ ਕੈਸ਼ ਕਢਵਾਉਣ ਦੀ ਲਿਮਟ 10 ਹਜ਼ਾਰ ਰੁਪਏ ਸੀ, ਪਰ 20 ਫਰਵਰੀ ਤੋਂ ਹਰ ਹਫਤੇ 50 ਹਜ਼ਾਰ ਰੁਪਏ ਤੱਕ ਕਰ ਦਿੱਤੀ ਗਈ ਹੈ। ਰਿਜ਼ਰਵ ਬੈਂਕ ਦੇ ਪੁਰਾਣੇ ਨਿਰਦੇਸ਼ ਅਨੁਸਾਰ ਜੇ ਕੋਈ ਆਪਣੇ ਬੈਂਕ ਦੇ ਏ ਟੀ ਐੱਮ ਦੇ ਬੈਂਕ ਤੋਂ ਮਹੀਨੇ 'ਚ ਪੰਜ ਵਾਰ ਤੋਂ ਵੱਧ ਟਰਾਂਜ਼ੈਕਸ਼ਨ ਕਰਦਾ ਹੈ ਤਾਂ ਉਸ ਨੂੰ 20 ਰੁਪਏ ਚਾਰਜ ਦੇ ਰੂਪ ਵਿੱਚ ਦੇਣੇ ਪੈਂਦੇ ਸਨ।