ਸਾਡੀ ਕੋਈ ਨਹੀਂ ਸੁਣਦਾ!


ਨਵੀਂ ਦਿੱਲੀ (ਨ ਜ਼ ਸ)-ਸੁਪਰੀਮ ਕੋਰਟ ਨੇ ਦੇਸ਼ 'ਚ ਪੁਲਸ ਸੁਧਾਰਾਂ ਲਈ ਦਾਇਰ ਜਨਹਿੱਤ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਜਲਦ ਸੁਣਵਾਈ ਤੋਂ ਅੱਜ ਇਨਕਾਰ ਕਰ ਦਿੱਤਾ ਕਿ ਸਾਡੇ ਹੁਕਮਾਂ ਨੂੰ ਕੋਈ ਨਹੀਂ ਸੁਣਦਾ। ਪ੍ਰਧਾਨ ਜੱਜ ਜੀ ਐੱਸ ਖੇਹਰ, ਜਸਟਿਸ ਡੀ ਵਾਈ ਚੰਦਰਚੂੜ੍ਹ ਅਤੇ ਜਸਟਿਸ ਐੱਸ ਕੇ ਕੋਲ ਦੀ ਬੈਂਚ ਨੇ ਕਿਹਾ ਮਾਫ ਕਰੋ। ਬੇਨਤੀ ਅਸਵੀਕਾਰ ਕੀਤੀ ਜਾਂਦੀ ਹੈ। ਦਿੱਲੀ ਭਾਜਪਾ ਦੇ ਬੁਲਾਰੇ ਅਸ਼ਵਨੀ ਕੁਮਾਰ ਉਪਾਧਿਆਏ ਨੇ ਪਟੀਸ਼ਨ 'ਤੇ ਜਲਦ ਸੁਣਵਾਈ ਦਾ ਜ਼ੋਰ ਦਿੱਤਾ ਸੀ। ਇਸ ਤੋਂ ਬਾਅਦ ਬੈਂਚ ਨੇ ਕਿਹਾ, ਪੁਲਸ ਸੁਧਾਰ ਲਗਾਤਾਰ ਜਾਰੀ ਹੈ। ਸਾਡੇ ਹੁਕਮਾਂ ਨੂੰ ਕੋਈ ਨਹੀਂ ਸੁਣਦਾ। ਉਪਾਧਿਆਏ ਨੇ ਇਸ ਪਟੀਸ਼ਨ 'ਚ ਸੀਨੀਅਰ ਅਧਿਕਾਰੀਆਂ ਦਾ ਕਾਰਜਕਾਲ ਨਿਸ਼ਚਿਤ ਕਰਨ ਸਮੇਤ ਵਿਆਪਕ ਪੁਲਸ ਸੁਧਾਰ ਲਾਗੂ ਕਰਨ ਦਾ ਕੇਂਦਰ ਅਤੇ ਰਾਜਾਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ।