ਕੇਰਲ ਦੇ ਮੁੱਖ ਮੰਤਰੀ ਦੇ ਸਿਰ ਲਈ 1 ਕਰੋੜ ਦਾ ਇਨਾਮ


ਉਜੈਨ (ਨਵਾਂ ਜ਼ਮਾਨਾ ਸਰਵਿਸ)
ਉਜੈਨ ਦੇ ਆਰ ਐਸ ਐਸ ਮਹਾਂਨਗਰ ਪ੍ਰਚਾਰ ਮੁਖੀ ਕੁੰਦਨ ਚੰਦਰਾਵਤ ਨੇ ਵੀਰਵਾਰ ਨੂੰ ਇੱਕ ਅਜੀਬ ਫਰਮਾਨ ਜਾਰੀ ਕੀਤਾ ਹੈ। ਉਨ੍ਹਾ ਨੇ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਹ ਉਜੈਨ ਸ਼ਹੀਦ ਪਾਰਕ 'ਚ ਰੱਖੀ ਗਈ ਇੱਕ ਰੋਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਚੰਦਰਾਵਾਤ ਦੇ ਇਸ ਵਿਵਾਦਿਤ ਬਿਆਨ 'ਤੇ ਪਲਟ ਵਾਰ ਕਰਦਿਆਂ ਕੇਰਲ ਦੇ ਮੁੱਖ ਮੰਤਰੀ ਪੀ ਵਿਜਅਨ ਨੇ ਕਿਹਾ ਹੈ ਕਿ ਆਰ ਐਸ ਐਸ ਨੇ ਕਈਆਂ ਦੇ ਸਿਰ ਕਲਮ ਕੀਤੇ ਹਨ। ਚੰਦਰਾਵਤ ਨੇ ਕਿਹਾ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ ਅਤੇ ਉਨ੍ਹਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਿੰਦੂ ਸੁੱਤੇ ਨਹੀਂ ਪਏ ਹਨ।
ਚੰਦਰਾਵਤ ਨੇ ਕਿਹਾ ਕਿ ਉਹ ਮੰਚ ਤੋਂ ਐਲਾਨ ਕਰਦੇ ਹਨ ਕਿ ਜੋ ਵੀ ਕੇਰਲ ਦੇ ਮੁੱਖ ਮੰਤਰੀ ਦਾ ਸਿਰ ਵੱਢ ਕੇ ਲਿਆਵੇਗਾ, ਉਹ ਉਸ ਨੂੰ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇਨਾਮ ਦੇਵੇਗਾ। ਸੀਤ ਰਾਮ ਯੇਚੁਰੀ ਨੇ ਇਸ ਬਿਆਨ ਦੀ ਨਿੰਦਿਆ ਕਰਦਿਆਂ ਇਸ ਨੂੰ ਇਤਰਾਜ਼ਯੋਗ ਦੱਸਿਆ ਹੈ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀ ਧਮਕੀ ਦਾ ਮਤਲਬ ਹੈ ਕਿ ਚੰਦਰਾਵਾਤ ਨੂੰ ਕਿਸੇ ਸਰਕਾਰ ਦੀ ਸ਼ਹਿ ਪ੍ਰਾਪਤ ਹੈ।
ਕੇਰਲ 'ਚ ਆਰ ਐਸ ਐਸ ਦੇ ਸਵੈਮ ਸੇਵਕ ਦੇ ਕਤਲ ਦੇ ਵਿਰੋਧ 'ਚ ਆਯੋਜਿਤ ਸਭਾ 'ਚ ਕੁੰਦਨ ਚੱਕਰਾਵਾਤ ਨੇ ਕਤਲਾਂ ਲਈ ਕਮਿਊਨਿਸਟ ਪਾਰਟੀ ਮਾਰਕਸੀ ਦੀ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ। ਉਨ੍ਹਾ ਕਿਹਾ ਕਿ 300 ਸਵੈਮ ਸੇਵਕਾਂ ਦੇ ਕਤਲਾਂ ਦਾ ਦੋਸ਼ੀ ਸਮਝਦਾ ਹੈ ਕਿ ਹਿੰਦੂਆਂ ਦੇ ਖ਼ੂਨ 'ਚ ਸ਼ਿਵਾਜੀ ਵਰਗਾ ਜਜ਼ਬਾ ਨਹੀਂ। ਉਨ੍ਹਾ ਗੋਧਰਾ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੀ ਗੋਧਰਾ ਨੂੰ ਭੁੱਲ ਗਏ। ਇਤਿਹਾਸ ਦੇਖ ਲਓ ਹਿੰਦੂਆਂ ਨੇ ਕਦੇ ਕਿਸੇ 'ਤੇ ਹਮਲਾ ਨਹੀਂ ਕੀਤਾ, ਪਰ ਜਦੋਂ ਵੀ ਕਿਸੇ ਨੇ ਹਿੰਦੂਆਂ 'ਤੇ ਹਮਲਾ ਕੀਤਾ ਤਾਂ ਹਿੰਦੂਆਂ ਨੇ ਉਨ੍ਹਾਂ ਨੂੰ ਕਰਾਰਾ ਜੁਆਬ ਦਿੱਤਾ।
ਜ਼ਿਕਰਯੋਗ ਹੈ ਕਿ ਆਰ ਐਸ ਐਸ ਦੇ ਮੱਧ ਪ੍ਰਦੇਸ਼ ਤੋਂ ਨੇਤਾ ਨੇ ਕੇਰਲ ਦੇ ਮੁੱਖ ਮੰਤਰੀ ਪੀ. ਵਿਜਯਨ ਨੂੰ ਸੂਬੇ 'ਚ ਲਗਾਤਾਰ ਹੋ ਰਹੇ ਸੰਘ ਵਰਕਰਾਂ ਦੇ ਕਤਲ ਲਈ ਜ਼ਿੰਮੇਵਾਰ ਆਖਦਿਆਂ ਇਹ ਵਿਵਾਦਗ੍ਰਸਤ ਬਿਆਨ ਦਿੱਤਾ ਹੈ। ਪਿਛਲੇ ਹਫ਼ਤੇ ਇੱਕ ਬਿਆਨ 'ਚ ਵਿਜਯਨ ਨੇ ਕਿਹਾ ਸੀ ਕਿ ਆਰ ਐਸ ਐਸ ਸਮੇਤ ਦੱਖਣ ਪੰਥੀ ਸੰਗਠਨ ਪਿਛਲੇ ਕਈ ਸਾਲਾਂ ਤੋਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰ ਐਸ ਐਸ ਨੇ ਮੁਸੋਲਿਨੀ ਦੇ ਜਥੇਬੰਦਕ ਢਾਂਚੇ ਅਤੇ ਹਿਟਲਰ ਦੀ ਵਿਚਾਰਧਾਰਾ ਨੂੰ ਅਪਨਾ ਲਿਆ ਹੈ। ਇਹਨਾਂ ਦੋਹਾਂ ਤਾਨਾਸ਼ਾਹ ਦੀ ਸਾਰੀ ਦੁਨੀਆ 'ਚ ਦਹਿਸ਼ਤ ਸੀ। ਉਨ੍ਹਾਂ ਕਿਹਾ ਸੀ ਕਿ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲਾ ਨੱਥੂ ਰਾਮ ਗੋਡਸੇ ਆਰ ਐਸ ਐਸ ਦਾ ਹਥਿਆਰ ਸੀ ਅਤੇ ਮਹਾਤਮਾ ਗਾਂਧੀ ਦਾ ਕਤਲ ਇੱਕ ਸਾਜ਼ਿਸ਼ ਦਾ ਨਤੀਜਾ ਸੀ। ਉਨ੍ਹਾ ਅੱਗੇ ਕਿਹਾ ਕਿ ਹੁਣ ਭਾਰਤ 'ਚ ਆਰ ਐਸ ਐਸ ਨੇ ਮੁਸਲਮਾਨਾਂ, ਇਸਾਈਆਂ ਅਤੇ ਕਮਿਊਨਿਸਟਾਂ ਨੂੰ ਆਪਣਾ ਦੁਸ਼ਮਨ ਮੰਨ ਲਿਆ ਹੈ ਅਤੇ ਉਨ੍ਹਾ ਨੂੰ ਦੇਸ਼ 'ਚੋਂ ਕੱਢਣ ਲਈ ਹਮਲੇ ਕੀਤੇ ਜਾ ਰਹੇ ਹਨ।