Latest News
ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖ਼ੂਹ 'ਚ ਪੂਰੇ ਦਹਾਕੇ ਦਾ ਚੜ੍ਹਾਵਾ ਸਿਰਫ਼ 12571 ਰੁਪਏ

Published on 03 Mar, 2017 11:07 AM.


ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀ ਅਜ਼ਾਦੀ ਲਈ ਜਲ੍ਹਿਆਂਵਾਲਾ ਬਾਗ਼ ਕਤਲੇਆਮ ਕਾਂਡ 'ਚ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਸ਼ਹੀਦਾਂ ਪ੍ਰਤੀ ਲੋਕਾਂ ਦੇ ਮਨਾਂ 'ਚ ਕਿੰਨਾ ਸਤਕਾਰ ਹੈ, ਇਸ ਦਾ ਅੰਦਾਜ਼ਾ ਬਾਗ ਦੇ ਸ਼ਹੀਦੀ ਖ਼ੂਹ 'ਚ ਚੜ੍ਹਾਈ ਜਾਣ ਵਾਲੀ ਰਾਸ਼ੀ ਤੋਂ ਲਗਾਇਆ ਜਾ ਸਕਦਾ ਹੈ। ਇਸ ਸ਼ਹੀਦੀ ਖ਼ੂਹ 'ਚ ਰੋਜ਼ਾਨਾ ਦਾ ਚੜ੍ਹਾਵਾ ਔਸਤਨ 3.49 ਰੁਪਏ ਹੈ। ਪੂਰੇ ਇੱਕ ਦਹਾਕੇ ਦੌਰਾਨ ਖ਼ੂਹ 'ਚੋਂ ਸਿਰਫ਼ 12,571 ਰੁਪਏ ਹੀ ਚੜ੍ਹਾਵਾ ਆਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਾਰੀ ਰਕਮ 1, 2, 5 ਦੇ ਸਿੱਕਿਆਂ ਦੇ ਰੂਪ 'ਚ ਹੈ। ਜਲ੍ਹਿਆਂਵਾਲਾ ਬਾਗ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਰਿਹਾ ਹੈ ਅਤੇ ਹੁਣ ਖ਼ੂਹ ਦੇ ਚੜ੍ਹਾਵੇ 'ਚ ਆਉਣ ਵਾਲੀ ਰਕਮ ਸੁਰਖੀਆਂ 'ਚ ਹੈ।
ਆਰ ਟੀ ਆਈ 'ਚ ਮੰਗੀ ਗਈ ਜਾਣਕਾਰੀ 'ਚ ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਖ਼ੂਹ 'ਚ ਅੱਜ ਤੱਕ 10 ਰੁਪਏ ਤੋਂ ਵੱਧ ਨੋਟ ਨਹੀਂ ਚੜ੍ਹਾਇਆ ਗਿਆ। ਗੌਰਤਲਬ ਹੈ ਕਿ ਅੰਮ੍ਰਿਤਸਰ 'ਚ ਰੋਜ਼ਾਨਾ 70 ਤੋਂ 80 ਹਜ਼ਾਰ ਸੈਲਾਨੀ ਆਉਂਦੇ ਹਨ ਅਤੇ ਇਨ੍ਹਾਂ 'ਚੋਂ ਘੱਟ ਤੋਂ ਘੱਟ 20 ਹਜ਼ਾਰ ਲੋਕ ਤਾਂ ਬਾਗ 'ਚ ਮੱਥਾ ਟੇਕਣ ਆਉਂਦੇ ਹੀ ਹਨ। ਅਨੁਮਾਨ ਹੈ ਕਿ 10 'ਚੋਂ 2 ਲੋਕ ਖ਼ੂਹ 'ਚ ਪੈਸੇ ਸੁਟਦੇ ਹਨ। ਹਰ ਰੋਜ਼ ਬਾਗ਼ 'ਚ ਆਉਣ ਵਾਲਿਆਂ ਦੀ ਗੱਲ ਮੰਨੀ ਜਾਵੇ ਤਾਂ ਮਹੀਨੇ ਦੌਰਾਨ ਖ਼ੂਹ 'ਚ ਲੋਕਾਂ ਦੁਆਰਾ ਪਾਈ ਗਈ ਰਕਮ 70 ਤੋਂ 80 ਹਜ਼ਾਰ ਤੱਕ ਪਹੁੰਚ ਜਾਂਦੀ ਹੈ, ਜਦਕਿ ਆਰ ਟੀ ਆਈ 'ਚ ਕੁਝ ਹੋਰ ਹੀ ਖੁਲਾਸਾ ਹੋਇਆ ਹੈ। ਇਹ ਮਾਮਲਾ ਗੰਭੀਰ ਹੈ। ਮਾਮਲੇ ਦੀ ਜਾਂਚ ਲਈ ਆਰ ਟੀ ਆਈ ਕਾਰਕੁਨ ਪੀ ਸੀ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ, ਜਿਸ 'ਚ ਕਿਹਾ ਹੈ ਕਿ ਉਹ ਇਸ ਮਾਮਲੇ 'ਚ ਖੁਦ ਨੋਟਿਸ ਲੈਣ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਕਮੀ ਕਿੱਥੇ ਹੈ। ਉਨ੍ਹਾ ਕਿਹਾ ਕਿ ਇਹ ਘਪਲੇ ਦੀ ਬਜਾਏ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਹੈ। ਉਨ੍ਹਾ ਅੱਗੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

316 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper