ਅਰੁਣਾਂਚਲ 'ਚ ਦਲਾਈਲਾਮਾ ਦੀ ਮੇਜ਼ਬਾਨੀ ਕਰੇਗਾ ਭਾਰਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਤਵਾਂਗ ਬਦਲੇ ਅਕਸਾਈਚਿਨ ਦੇਣ ਸੰਬੰਧੀ ਅਦਲਾ-ਬਦਲੀ ਦੇ ਚੀਨ ਦੇ ਫਾਰਮੂਲੇ ਨੂੰ ਭਾਰਤ ਨੇ ਨਕਾਰ ਦਿੱਤਾ ਹੈ। ਅੱਜ ਕੇਂਦਰ ਸਰਕਾਰ ਦੇ ਪ੍ਰਤੀਨਿਧਾਂ ਨੇ ਦਲਾਈਲਾਮਾ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਦਲਾਈਲਾਮਾ ਅਪ੍ਰੈਲ ਮਹੀਨੇ ਅਰੁਣਾਂਚਲ ਪ੍ਰਦੇਸ਼ ਦਾ ਦੌਰਾ ਕਰਨਗੇ। ਚੀਨ ਦਲਾਈਲਾਮਾ ਦੇ ਇਸ ਦੇਰੇ 'ਤੇ ਪਹਿਲਾਂ ਹੀ ਆਪਣੀ ਨਰਾਜ਼ਗੀ ਦਾ ਪ੍ਰਗਟ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਦਲਾਈਲਾਮਾ ਤਿਬਤ ਦੇ ਜਲਾਵਤਨ ਧਰਮ ਗੁਰੂ, ਜਿਨ੍ਹਾ ਨੂੰ ਭਾਰਤ ਨੇ ਪਿਛਲੇ 5 ਦਹਾਕਿਆਂ ਤੋਂ ਪਨਾਹ ਦਿੱਤੀ ਹੋਈ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਤਿਬਤ ਦੇ ਧਰਮ ਗੁਰੂ ਅਗਲੇ ਮਹੀਨੇ ਅਰੁਣਾਂਚਲ ਪ੍ਰਦੇਸ਼ ਦੇ ਦੌਰੇ 'ਤੇ ਹੋਣਗੇ ਅਤੇ ਇੱਕ ਜਮਹੂਰੀ ਤੇ ਧਰਮ ਨਿਰਪੱਖ ਦੇਸ਼ ਹੋਣ ਨਾਤੇ ਅਸੀਂ ਉਨ੍ਹਾ ਨੂੰ ਦੇਸ਼ 'ਚ ਕਿਤੇ ਵੀ ਜਾਣ ਤੋਂ ਨਹੀਂ ਰੋਕ ਸਕਦੇ।
ਸਿਆਸੀ ਮਾਹਿਰਾਂ ਅਨੁਸਾਰ ਦਲਾਈਲਾਮਾ ਦੀ ਯਾਤਰਾ ਨਾਲ ਭਾਰਤ ਅਤੇ ਚੀਨ ਵਿਚਕਾਰ ਜਾਰੀ ਵਿਵਾਦ ਹੋਰ ਵਧ ਸਕਦਾ ਹੈ ਅਤੇ ਇਸ ਨਾਲ ਚੀਨ ਦੇ ਫਾਰਮੂਲੇ ਨੂੰ ਵੀ ਧੱਕਾ ਲੱਗਾ ਹੈ।
ਉਧਰ ਅਰੁਣਾਂਚਲ ਨਾਲ ਸੰਬੰਧਤ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਹੁਣ ਤੁਸੀਂ ਬਦਲਿਆ ਮਾਹੌਲ ਖੁਦ ਦੇਖ ਸਕਦੇ ਹੋ ਅਤੇ ਮੋਦੀ ਦੀ ਅਗਵਾਈ 'ਚ ਭਾਰਤ ਖੁੱਲ੍ਹ ਕੇ ਆਪਣੀ ਗੱਲ ਕਰ ਰਿਹਾ ਹੈ।