ਹਰਿਆਣਾ 'ਚ ਪਤਨੀ ਦੀ ਮੌਤ 'ਤੇ ਹੁਣ ਪਤੀ ਨੂੰ ਮਿਲੇਗੀ ਪੈਨਸ਼ਨ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਹਰਿਆਣਾ 'ਚ ਹੁਣ ਪਤਨੀ ਦੀ ਮੌਤ ਮਗਰੋਂ ਪਤੀ ਨੂੰ ਪੈਨਸ਼ਨ ਮਿਲੇਗੀ। ਇਹ ਐਲਾਨ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੀਤਾ ਅਤੇ ਕਿਹਾ ਕਿ ਯੋਜਨਾ ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਮਛਰੋਲੀ ਦੇ ਵਿਧਾਇਕ ਰਵਿੰਦਰ ਨੇ ਵਿਧਾਨ ਸਭਾ 'ਚ ਇਹ ਮੰਗ ਕੀਤੀ ਸੀ। ਇਸ ਸੰਬੰਧ 'ਚ ਧਰਮ ਸਿੰਘ ਨਾਮੀ ਇੱਕ ਵਿਅਕਤੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪਤਨੀ ਦੀ ਮੌਤ ਦੀ ਸੂਰਤ 'ਚ ਪਤੀ ਲਈ ਪੈਨਸ਼ਨ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ। ਉਨ੍ਹਾ ਕਿਹਾ ਕਿ ਭਾਰਤੀ ਸੰਵਿਧਾਨ 'ਚ ਹਰੇਕ ਵਿਅਕਤੀ ਨੂੰ ਬਰਾਬਰੀ ਦਾ ਅਧਿਕਾਰ ਹੈ। ਉਨ੍ਹਾਂ ਦਲੀਲ ਦਿੱਤੀ ਸੀ ਕਿ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਣ ਮਗਰੋਂ ਪਰਵਾਰ ਦੀ ਦੇਖਭਾਲ ਲਈ ਪਤੀ ਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਅਤੇ ਹਰਿਆਣਾ ਸਰਕਾਰ ਨੂੰ ਇਸ ਲਈ ਪੈਨਸ਼ਨ ਕਾਨੂੰਨ 'ਚ ਸੋਧ ਕਰਨੀ ਚਾਹੀਦੀ ਹੈ। ਇਹ ਐਲਾਨ ਕਰਦਿਆਂ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ ਫ਼ੈਸਲੇ ਨਾਲ ਗਰੀਬ ਤਬਕੇ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਉਨ੍ਹਾ ਨੂੰ ਜ਼ਿੰਦਗੀ ਗੁਜ਼ਾਰਨ 'ਚ ਸੌਖ ਹੋਵੇਗੀ।