Latest News

ਪਾਕਿਸਤਾਨੀ ਅੱਤਵਾਦੀਆਂ ਨੇ ਕੀਤਾ ਸੀ ਮੁੰਬਈ ਹਮਲਾ

Published on 06 Mar, 2017 08:55 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
26/11 ਦੇ ਮੁੰਬਈ ਅੱਤਵਾਦੀ ਹਮਲੇ ਨੂੰ ਲੈ ਕੇ ਇੱਕ ਵਾਰ ਫੇਰ ਪਾਕਿਸਤਾਨ ਦੀ ਪੋਲ ਖੁੱਲ੍ਹ ਗਈ ਹੈ ਅਤੇ ਖਾਸ ਗੱਲ ਹੈ ਕਿ ਪਾਕਿਸਤਾਨ ਦੇ ਹੀ ਇੱਕ ਸੀਨੀਅਰ ਅਧਿਕਾਰੀ ਨੇ ਆਪਣੇ ਦੇਸ਼ ਨੂੰ ਐਕਸਪੋਜ ਕੀਤਾ ਹੈ। ਪਾਕਿਸਤਾਨ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੇ ਸਵੀਕਾਰ ਕੀਤਾ ਹੈ ਕਿ ਇਹ ਹਮਲਾ ਪਾਕਿਸਤਾਨ ਸਥਿਤ ਇੱਕ ਅੱਤਵਾਦੀ ਧੜੇ ਵੱਲੋਂ ਹੀ ਕੀਤਾ ਗਿਆ ਸੀ। ਪਾਕਿਸਤਾਨ ਦੀ ਸੁਰੱਖਿਆ ਨਾਲ ਜੁੜੇ ਰਹੇ ਇੱਕ ਸੀਨੀਅਰ ਅਧਿਕਾਰੀ ਦੇ ਬਿਆਨ ਨੇ ਇੱਕ ਵਾਰ ਫੇਰ ਪੂਰੀ ਦੁਨੀਆ ਸਾਹਮਣੇ ਪਾਕਿਸਤਾਨ ਨੂੰ ਬੇਨਕਾਬ ਕਰ ਦਿੱਤਾ ਹੈ।
19ਵੇਂ ਏਸ਼ਿਆਈ ਸੁਰੱਖਿਆ ਸੰਮੇਲਨ 'ਚ ਹਿੱਸਾ ਲੈਣ ਆਏ ਪਾਕਿਸਤਾਨ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਦੁਰਾਨੀ ਨੇ ਕਿਹਾ ਕਿ ਮੁੰਬਈ 'ਚ 26/11 ਦੇ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਸਥਿਤ ਇੱਕ ਅੱਤਵਾਦੀ ਜਥੇਬੰਦੀ ਨੇ ਹੀ ਅੰਜਾਮ ਦਿੱਤਾ ਸੀ। ਇਹ ਹਮਲਾ ਸਰਹੱਦ ਪਾਰ ਕਰਕੇ ਕੀਤਾ ਗਿਆ ਅਤੇ ਇਹ ਸਰਹੱਦ ਪਾਰੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਇੱਕ ਕਲਾਸਿਕ ਕੇਸ ਸੀ। ਜਮਾਤ-ਉਦ-ਦਾਵਾ ਮੁਖੀ ਹਾਫ਼ਿਜ਼ ਸਈਦ ਬਾਰੇ ਦੁਰਾਨੀ ਨੇ ਕਿਹਾ ਕਿ ਉਹ ਕਿਸੇ ਕੰਮ ਦਾ ਨਹੀਂ ਅਤੇ ਪਾਕਿਸਤਾਨ ਨੂੰ ਉਸ ਦੇ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸਾਲ 2008 'ਚ ਸਮੁੰਦਰ ਰਸਤੇ ਆਏ ਅੱਤਵਾਦੀਆਂ ਨੇ ਮੁੰਬਈ 'ਚ ਹਮਲਾ ਕੀਤਾ ਸੀ। ਇਸ ਹਮਲੇ 'ਚ ਸ਼ਾਮਲ ਅਜ਼ਮਲ ਕਸਾਬ ਨਾਮੀ ਅੱਤਵਾਦੀ ਦੇ ਜ਼ਿੰਦਾ ਫੜੇ ਜਾਣ ਮਗਰੋਂ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਸੀ ਕਿ ਇਸ ਹਮਲੇ 'ਚ ਪਾਕਿਸਤਾਨ ਦਾ ਹੀ ਹੱਥ ਹੈ। ਸਾਰੇ ਸਬੂਤਾਂ ਦੇ ਬਾਵਜੂਦ ਪਾਕਿਸਤਾਨ ਇਹਨਾਂ ਦੋਸ਼ਾਂ ਨੂੰ ਨਕਾਰਦਾ ਰਿਹਾ ਹੈ।
ਸੰਮੇਲਨ 'ਚ ਬੋਲਦਿਆਂ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਰਿੱਕਰ ਨੇ ਕਿਹਾ ਕਿ ਭਾਰਤ ਅਤੇ ਅਫ਼ਗਾਨਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਅਸਿੱਧੀ ਜੰਗ ਦਾ ਸ਼ਿਕਾਰ ਰਹੇ ਹਨ। ਉਨ੍ਹਾ ਨੇ ਅੱਤਵਾਦ ਨੂੰ ਕੌਮਾਂਤਰੀ ਸੁਰੱਖਿਆ ਅਤੇ ਸ਼ਾਂਤੀ ਲਈ ਖ਼ਤਰਾ ਦਸਿਆ।
ਇਸ ਮੌਕੇ ਬੋਲਦਿਆਂ ਅਫ਼ਗਾਨਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੁਹੰਮਦ ਹਨੀਫ਼ ਅਤਮਰ ਨੇ ਵਿਚਾਰ ਪੇਸ਼ ਕਰਦਿਆਂ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਅੱਤਵਾਦ ਦੇ ਉਭਰਦੇ ਅੱਡਿਆਂ 'ਤੇ ਚਿੰਤਾ ਪ੍ਰਗਟਾਈ।

328 Views

e-Paper