ਨਾ ਨੇਤਾ ਤੇ ਨਾ ਹੀ ਪੱਤਰਕਾਰ ਲਿਜਾ ਸਕਣਗੇ ਗਿਣਤੀ ਕੇਂਦਰਾਂ 'ਚ ਮੋਬਾਇਲ : ਵੀ ਕੇ ਸਿੰਘ


ਮਲੋਟ,
(ਮਿੰਟੂ ਗੁਰੂਸਰੀਆ)
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਵੋਟਾਂ ਦੀ ਗਿਣਤੀ ਸੰਬੰਧੀ ਆਖਰੀ ਗੇੜ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਬਾਅਦ ਦੁਪਹਿਰ ਮਲੋਟ ਪੁੱਜੇ । ਇਸ ਮੌਕੇ ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ । ਇਸ ਮੀਟਿੰਗ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ਼ ਗੱਲਬਾਤ ਕਰਦੇ ਹੋਏ ਵੀ ਕੇ ਸਿੰਘ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਗਿਣਤੀ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੈ । ਜਦੋਂ ਪੱਤਰਕਾਰਾਂ ਨੇ ਸ੍ਰੀ ਸਿੰਘ ਤੋਂ ਪੁੱਛਿਆ ਕਿ ਪਿਛਲੀ ਵਾਰ ਵੋਟ ਗਿਣਤੀ ਕੇਂਦਰਾਂ ਅੰਦਰ ਪੱਤਰਕਾਰਾਂ ਨੂੰ ਮੋਬਾਇਲ ਨਹੀਂ ਸਨ ਲਿਜਾਣ ਦਿੱਤੇ ਗਏ, ਜਦਕਿ ਸਿਆਸੀ ਲੀਡਰਾਂ ਨੂੰ ਮੋਬਾਇਲ ਲਿਜਾਣ ਦੀ ਖੁੱਲ੍ਹ ਸੀ, ਕੀ ਇਹ ਵਰਤਾਰਾ ਏਸ ਵਾਰ ਵੀ ਦੁਹਰਾਹਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਵੋਟ ਗਿਣਤੀ ਕੇਂਦਰਾਂ ਅੰਦਰ ਕਿਸੇ ਨੂੰ ਵੀ ਮੋਬਾਇਲ ਜਾਂ ਹਥਿਆਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਆਬਜ਼ਰਵਰ ਤੋਂ ਇਲਾਵਾ ਕਿਸੇ ਨੂੰ ਵੀ ਵੋਟ ਗਿਣਤੀ ਕੇਂਦਰਾਂ ਅੰਦਰ ਮੋਬਾਇਲ ਲਿਜਾਣ ਦੀ ਆਗਿਆ ਨਹੀਂ ਹੈ ।
ਇਸ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਮਿਮਿਟ ਕਾਲਜ ਵਿੱਚ ਬਣੇ ਸਟਰਾਂਗ ਰੂਮ ਦਾ ਦੌਰਾ ਵੀ ਕੀਤਾ । ਆਖਰ ਵਿੱਚ ਸ੍ਰੀ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਮਨ-ਸ਼ਾਂਤੀ ਨਾਲ ਵੋਟਾਂ ਭੁਗਤਾਉਣ ਲਈ ਵਧਾਈ ਵੀ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ਼ ਵੀ.ਕੇ.ਭਾਵਰਾ ਏ.ਡੀ.ਜੀ.ਪੀ (ਚੋਣਾਂ) ਪੰਜਾਬ, ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਧਰੁਮਨ ਨਿੰਬਲੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਵਿਸ਼ੇਸ਼ ਸਾਰੰਗਲ ਐਸ.ਡੀ.ਐਮ ਕਮ ਰਿਟਰਨਿੰਗ ਅਧਿਕਾਰੀ ਮਲੋਟ, ਅਨਮੋਲ ਸਿੰਘ ਧਾਲੀਵਾਲ ਰਿਟਰਨਿੰਗ ਅਧਿਕਾਰੀ ਲੰਬੀ ਆਦਿ ਮੌਜੂਦ ਸਨ।