ਮਾਓਵਾਦੀਆਂ ਨਾਲ ਸੰਬੰਧਾਂ ਦੇ ਦੋਸ਼ 'ਚ ਸਾਈਂ ਬਾਬਾ ਸਮੇਤ 5 ਨੂੰ ਉਮਰ ਕੈਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੀ ਐਨ ਸਾਈਂ ਬਾਬਾ, ਜੇ ਐਨ ਯੂ ਦੇ ਵਿਦਿਆਰਥੀ ਹੇਮ ਮਿਸ਼ਰਾ ਅਤੇ ਸਾਬਕਾ ਪੱਤਰਕਾਰ ਪ੍ਰਸ਼ਾਂਤ ਰਾਹੀ ਸਮੇਤ 5 ਜਣਿਆਂ ਨੂੰ ਗੜ੍ਹ ਚਿਰੋਲੀ ਦੀ ਅਦਾਲਤ ਨੇ ਮਾਓਵਾਦੀਆਂ ਨਾਲ ਸੰਪਰਕ ਰੱਖਣ ਅਤੇ ਭਾਰਤ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਛੇਵੇਂ ਦੋਸ਼ੀ ਵਿਜੇ ਤਿਰਕੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ 'ਚ ਮਹੇਸ਼ ਤਿਰਕੀ ਅਤੇ ਪਾਂਡੂ ਨਰੋਟ ਵੀ ਸ਼ਾਮਲ ਹਨ। ਅਦਾਲਤ ਨੇ ਸਾਈਂ ਬਾਬਾ ਅਤੇ 5 ਹੋਰਨਾਂ ਨੂੰ ਭਾਰਤ ਵਿਰੁੱਧ ਜੰਗ ਦੀ ਸਾਜ਼ਿਸ਼ ਰਚਣ ਲਈ ਦੋਸ਼ ਪਾਇਆ। ਸਾਈਂ ਬਾਬਾ ਦਿੱਲੀ ਯੂਨੀਵਰਸਿਟੀ ਦੇ ਰਾਮ ਲਾਲ ਆਨੰਦ ਕਾਲਜ ਦੇ ਪ੍ਰੋਫ਼ੈਸਰ ਸਨ। ਜੱਜ ਐਸ ਐਸ ਸ਼ਿੰਦੇ ਨੇ ਸਾਰੇ ਦੋਸ਼ੀਆਂ ਨੂੰ ਭੰਨ-ਤੋੜ ਦੀਆਂ ਕਾਰਵਾਈਆਂ ਰੋਕੂ ਐਕਟ ਦੀ ਧਾਰਾ 13, 18, 20, 38 ਅਤੇ 39 ਤਹਿਤ ਦੋਸ਼ੀ ਪਾਇਆ ਹੈ। ਇਸਤਗਾਸਾ ਪੱਖ ਦੇ ਵਕੀਲ ਪ੍ਰਸ਼ਾਂਤ ਨੇ ਇਸ ਐਕਟ ਦੀ ਧਾਰਾ 20 ਤਹਿਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਉਨ੍ਹਾ ਦਲੀਲ ਦਿੱਤੀ ਕਿ ਬੇਸ਼ੱਕ ਸਾਈਂ ਬਾਬਾ ਅੰਗਹੀਣ ਹਨ, ਪਰ ਉਨ੍ਹਾ ਨੂੰ ਸਜ਼ਾ 'ਚ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ। ਜ਼ਿਕਰਯੋਗ ਹੈ ਕਿ 9 ਮਈ 2014 ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸਾਈਂ ਬਾਬਾ ਨੂੰ ਮਾਓਵਾਦੀਆਂ ਨਾਲ ਸੰਬੰਧ ਰੱਖਣ ਦੇ ਦੋਸ਼ 'ਚ ਮਹਾਂਰਾਸ਼ਟਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾ ਦੀ ਗ੍ਰਿਫ਼ਤਾਰੀ ਸਮੇਂ ਪੁਲਸ ਨੇ ਦਾਅਵਾ ਕੀਤਾ ਸੀ ਕਿ ਸਾਈਂ ਬਾਬਾ ਨੂੰ ਪਾਬੰਦੀਸ਼ੁਦਾ ਜਥੇਬੰਦੀ ਭਾਕਪਾ-ਮਾਓਵਾਦੀ ਦਾ ਕਥਿਤ ਮੈਂਬਰ ਹੋਣ ਅਤੇ ਭਰਤੀ 'ਚ ਮਦਦ ਕਰਨ ਦੇ ਦੋਸ਼ 'ਚ ਫੜਿਆ ਗਿਆ ਸੀ।
ਮਹਾਂਰਾਸ਼ਟਰ ਦੇ ਗੜ੍ਹ ਚਿਰੋਲੀ ਜ਼ਿਲ੍ਹੇ ਦੀ ਪੁਲਸ ਟੀਮ ਨੇ ਦਿੱਲੀ ਤੋਂ ਸਾਈਂਬਾਬਾ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਦਿੱਲੀ ਯੂਨੀਵਰਸਿਟੀ 'ਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਸਨ। ਰਿਪੋਰਟ ਮੁਤਾਬਕ ਸਾਈਂ ਬਾਬਾ ਦਾ ਨਾਂਅ ਉਸ ਸਮੇਂ ਸਾਹਮਣੇ ਆਇਆ, ਜਦੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਹੇਮੰਤ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਜਾਂਚ ਏਜੰਸੀਆਂ ਨੂੰ ਦੱਸਿਆ ਸੀ ਕਿ ਉਹ ਛੱਤੀਸਗੜ੍ਹ ਦੇ ਅਬੂਝਮਾੜ ਦੇ ਜੰਗਲਾਂ 'ਚ ਲੁਕੇ ਮਾਓਵਾਦੀਆਂ ਅਤੇ ਪ੍ਰੋਫ਼ੈਸਰ ਵਿਚਕਾਰ 'ਕੋਰੀਅਰ' ਦਾ ਕੰਮ ਕਰਦਾ ਸੀ।
ਪੁਲਸ ਦਾ ਦਾਅਵਾ ਹੈ ਕਿ ਮਿਸ਼ਰਾ ਤੋਂ ਇਲਾਵਾ ਤਿੰਨ ਹੋਰ ਗ੍ਰਿਫ਼ਤਾਰ ਮਾਓਵਾਦੀਆਂ ਕੋਬਾੜ ਗਾਂਧੀ, ਬੱਚਾ ਪ੍ਰਸਾਦ ਸਿੰਘ ਅਤੇ ਪ੍ਰਸ਼ਾਂਤ ਰਾਹੀ ਨੇ ਵੀ ਦਿੱਲੀ 'ਚ ਆਪਣੇ ਸੰਪਰਕ ਦੇ ਰੂਪ 'ਚ ਸਾਈਂ ਬਾਬਾ ਦਾ ਨਾਂਅ ਲਿਆ ਸੀ।