ਰੇਲ ਗੱਡੀ ਧਮਾਕੇ 'ਚ 7 ਜ਼ਖ਼ਮੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭੋਪਾਲ-ਉਜੈਨ ਮੁਸਾਫ਼ਰ ਗੱਡੀ ਦੇ ਜਨਰਲ ਡੱਬੇ 'ਚ ਮੰਗਲਵਾਰ ਸਵੇਰੇ ਧਮਾਕਾ ਹੋਣ ਨਾਲ 8 ਮੁਸਾਫ਼ਰ ਜ਼ਖ਼ਮੀ ਹੋ ਗਏ। ਇਹ ਘਟਨਾ ਭੋਪਾਲ-ਉਜੈਨ ਰੇਲ ਡਵੀਜ਼ਨ ਦੇ ਕਾਲਾਪੀਪਲ ਅਤੇ ਸੀਹੋਰ ਰੇਲਵੇ ਸਟੇਸ਼ਨਾਂ ਵਿਚਾਲੇ ਵਾਪਰੀ। ਪੱਛਮੀ ਰੇਲਵੇ ਦੀ ਰਤਲਾਮ ਡਵੀਜ਼ਨ ਦੇ ਬੁਲਾਰੇ ਜਤਿੰਦਰ ਕੁਮਾਰ ਨੇ ਦਸਿਆ ਹੈ ਕਿ ਭੋਪਾਲ ਤੋਂ ਉਜੈਨ ਜਾ ਰਹੀ ਮੁਸਾਫ਼ਰ ਗੱਡੀ ਦੇ ਜਨਰਲ ਕੋਚ 'ਚ ਮੰਗਲਵਾਰ ਸਵੇਰੇ 10 ਵਜੇ ਧਮਾਕਾ ਹੋ ਗਿਆ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਧਮਾਕੇ 'ਚ ਗੰਨ ਪਾਊਡਰ ਦੀ ਗੰਧ ਆਉਣ ਦੀ ਖ਼ਬਰ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੱਧ ਪ੍ਰਦੇਸ਼ ਸਰਕਾਰ ਨੇ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50-50 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਡੀ ਸੀ ਦੀ ਦੇਖ-ਰੇਖ ਹੇਠ ਏ ਟੀ ਐਸ ਅਤੇ ਫਾਰੈਂਸਿਕ ਟੀਮਾਂ ਮਾਮਲੇ ਦੀ ਜਾਂਚ 'ਚ ਜੁਟ ਗਈਆਂ ਹਨ। ਦਿੱਲੀ ਰੇਲਵੇ ਦੇ ਪੀ ਆਰ ਓ ਅਨਿਲ ਸਕਸੈਨਾ ਨੇ ਦੱਸਿਆ ਹੈ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਪਿੱਛੇ ਕੀ ਕਾਰਨ ਹਨ। ਉਨ੍ਹਾਂ ਦਸਿਆ ਕਿ ਜ਼ਖ਼ਮੀ ਮੁਸਾਫ਼ਰਾਂ ਨੂੰ ਕਾਲਾਪੀਪਲ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਰੇਲ ਗੱਡੀ 'ਚ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਧਮਾਕੇ ਕਾਰਨ ਡੱਬੇ ਦੇ ਸ਼ੀਸ਼ੇ ਟੁੱਟ ਗਏ, ਧੂੰਏ ਕਾਰਨ ਮੁਸਾਫ਼ਰ ਘਬਰਾ ਗਏ ਅਤੇ ਉਹ ਬਚਾਅ ਲਈ ਏਧਰ-ਉਧਰ ਦੌੜੇ ਅਤੇ ਡੱਬੇ ਤੋਂ ਬਾਹਰ ਨਿਕਲ ਆਏ।
ਆਈ ਜੀ ਨੇ ਦਸਿਆ ਕਿ ਰੇਲ ਗੱਡੀ 'ਚ ਧਮਾਕਾ ਇੱਕ ਅੱਤਵਾਦੀ ਹਮਲਾ ਹੈ। ਉਨ੍ਹਾ ਦਸਿਆ ਕਿ ਰੇਲ ਗੱਡੀ 'ਚ ਧਮਾਕਾ ਆਈ ਈ ਡੀ ਨਾਲ ਕੀਤਾ ਗਿਆ। ਉਨ੍ਹਾ ਦੱਸਿਆ ਕਿ ਇਹ ਧਮਾਕਾ ਘੱਟ ਤੀਬਰਤਾ ਵਾਲਾ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅਧਿਕਾਰੀ ਨੇ ਦਸਿਆ ਹੈ ਕਿ ਧਮਾਕਾ ਚੱਲਦੀ ਗੱਡੀ 'ਚ ਹੋਇਆ ਅਤੇ ਧਮਾਕੇ ਤੋਂ ਬਾਅਦ ਰੇਲ ਗੱਡੀ ਨੂੰ ਰੋਕ ਕੇ ਮੁਸਾਫ਼ਰਾਂ ਨੂੰ ਉਤਾਰਿਆ ਗਿਆ ਅਤੇ ਸਾਰੀ ਗੱਡੀ ਦੀ ਤਲਾਸ਼ੀ ਲਈ ਗਈ।