ਸਿਆਸੀ ਪਾਰਟੀਆਂ ਬਣੀਆਂ ਪਰਵਾਰਕ ਜਾਇਦਾਦਾਂ : ਕਾਰਤੀ


ਚੇਨਈ (ਨਵਾ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੇ ਕਾਂਗਰਸ ਪਾਰਟੀ ਨੂੰ ਪਰਵਾਰਕ ਜਾਇਦਾਦ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਦੇਸ਼ 'ਚ ਇੱਕ ਨਵੀਂ ਸਿਆਸੀ ਪਾਰਟੀ ਲਈ ਅਜੇ ਕਾਫ਼ੀ ਗੁੰਜਾਇਸ਼ ਹੈ। ਉਨ੍ਹਾ ਕਿਹਾ ਕਿ ਜ਼ਿਆਦਾਤਰ ਪਾਰਟੀਆਂ 'ਚ ਪਰਵਾਰਾਂ ਦਾ ਕਬਜ਼ਾ ਹੋ ਗਿਆ ਅਤੇ ਉਨ੍ਹਾ ਪਾਰਟੀਆਂ ਨੇ ਨਵੀਂ ਪੀੜ੍ਹੀ ਦੇ ਆਗੂਆਂ ਲਈ ਆਪਣੇ ਦਰਵਾਜ਼ੇ ਬੰਦ ਕੀਤੇ ਹੋਏ ਹਨ। ਉਹ ਜਨਰੇਸ਼ਨ 67 ਨਾਂਅ ਦੇ ਸੰਗਠਨ ਵੱਲੋਂ ਆਯੋਜਿਤ ਪ੍ਰੋਗਰਾਮ 'ਚ ਬੋਲ ਰਹੇ ਸਨ, ਜਿਸ ਦੇ ਉਹ ਆਪ ਸੰਸਥਾਪਕ ਹਨ।
ਤਾਮਿਲਨਾਡੂ 'ਚ ਦ੍ਰਾਵਿੜ ਰਾਜ ਦੀ 50ਵੀਂ ਵਰ੍ਹੇਗੰਢ ਮੌਕੇ ਆਯੋਜਿਤ ਪ੍ਰੋਗਰਾਮ 'ਚ ਬੋਲਦਿਆਂ ਕਾਰਤੀ ਚਿਦੰਬਰਮ ਨੇ ਕਿਹਾ ਕਿ ਕਾਂਗਰਸ ਸਮੇਤ ਜ਼ਿਆਦਾਤਰ ਖੇਤਰੀ ਅਤੇ ਕੌਮੀ ਸਿਆਸੀ ਪਾਰਟੀਆਂ ਨਿੱਜੀ ਪਰਵਾਰਿਕ ਜਾਇਦਾਦ ਬਣ ਗਈਆਂ ਹਨ ਅਤੇ ਲੱਗਦਾ ਨਹੀਂ ਕਿ ਹੁਣ ਉਨ੍ਹਾ ਪਾਰਟੀਆਂ 'ਚ ਕੋਈ ਸੁਧਾਰ ਹੋਵੇਗਾ। ਉਨ੍ਹਾ ਕਿਹਾ ਕਿ ਜੇ ਕੋਈ ਨਵਾਂ ਵਿਅਕਤੀ ਸਿਆਸਤ 'ਚ ਆਉਣਾ ਚਾਹੁੰਦਾ ਹੈ ਤਾਂ ਉਹ ਮੌਜੂਦਾ ਵਿਵਸਥਾ 'ਚ ਫਿਟ ਨਹੀਂ ਹੋ ਸਕੇਗਾ, ਕਿਉਂਕਿ ਅਜਿਹਾ ਕਰਨ ਲਈ ਉਸ ਨੂੰ ਪਾਰਟੀ ਪ੍ਰਧਾਨ ਜਾਂ ਦੂਜੇ ਆਗੂਆਂ ਦੀ ਚਾਪਲੂਸੀ ਕਰਨੀ ਪਵੇਗੀ।
ਕਾਰਤੀ ਨੇ ਅੱਗੇ ਕਿਹਾ ਕਿ ਕੀ ਕਿਸੇ ਸਿਆਸੀ ਪਾਰਟੀ ਨੇ ਗੂਗਲ ਦੇ ਸੀ ਈ ਓ ਸੁੰਦਰ ਪਿਚਾਈ ਜਾਂ ਕਿਸੇ ਆਈ ਆਈ ਟੀ ਦੇ ਟਾਪਰ ਨੂੰ ਚੋਣ ਲੜਨ ਦਾ ਸੱਦਾ ਦਿੱਤਾ ਹੈ। ਉਨ੍ਹਾ ਕਿਹਾ ਕਿ ਭਾਵੇਂ ਕਾਂਗਰਸ ਹੋਵੇ ਜਾਂ ਭਾਜਪਾ, ਡੀ ਐਮ ਕੇ ਜਾਂ ਅੰਨਾ ਡੀ ਐਮ ਕੇ ਸਾਰੀਆਂ ਪਾਰਟੀਆਂ 'ਚ ਕਿਸੇ ਬਾਹਰਲੇ ਵਿਅਕਤੀ ਲਈ ਕੋਈ ਗੁੰਜਾਇਸ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਜੇ ਉਨ੍ਹਾ ਦਾ ਸੰਗਠਨ ਜੀ-67 ਕੋਈ ਫੋਰਮ ਜਾਂ ਸਿਆਸੀ ਪਾਰਟੀ ਨਹੀਂ ਹੈ। ਉਨ੍ਹਾ ਕਿਹਾ ਕਿ ਜੇ ਡੋਨਾਲਡ ਟਰੰਪ ਬਹੁਤ ਘੱਟ ਸਮੇਂ 'ਚ ਅਮਰੀਕਾ ਦੇ ਰਾਸ਼ਟਰਪਤੀ ਬਣ ਸਕਦੇ ਹਨ ਤਾਂ ਤਾਮਿਲਨਾਡੂ 'ਚ ਵੀ ਅਜਿਹਾ ਕੁਝ ਹੋ ਸਕਦਾ ਹੈ। ਕੀ ਕਦੇ ਕਿਸੇ ਨੇ ਸੋਚਿਆ ਸੀ ਕਿ ਜੈਲਲਿਤਾ ਦੀ ਮੌਤ ਹੋ ਜਾਵੇਗੀ, ਪਨੀਰ ਸੇਲਵਮ ਨੂੰ ਪਾਰਟੀ 'ਚੋਂ ਕੱਢ ਦਿੱਤਾ ਜਾਵੇਗਾ ਅਤੇ ਸ਼ਸ਼ੀਕਲਾ ਜੇਲ੍ਹ 'ਚ ਹੋਵੇਗੀ। ਉਨ੍ਹਾ ਕਿਹਾ ਕਿ ਭਵਿੱਖ 'ਚ ਕੁਝ ਵੀ ਹੋ ਸਕਦਾ ਹੈ।
ਅੰਤ 'ਚ ਉਨ੍ਹਾ ਕਿਹਾ ਕਿ ਜਦੋਂ ਪਾਰਟੀਆਂ ਚੋਣ ਪ੍ਰਚਾਰ ਕਰਦੀਆਂ ਹਨ ਤਾਂ ਉਸ ਵੇਲੇ ਉਨ੍ਹਾ ਨੂੰ ਜੁਆਬ ਦੇਣ ਲਈ ਕੋਈ ਸੰਗਠਨ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਲੋਕਾਂ ਦੇ ਮੁੱਦੇ ਉਠਾਉਣ ਲਈ ਜੀ-67 ਵਰਗੇ ਸੰਗਠਨ ਦੀ ਲੋੜ ਹੈ।