ਅਮਰੀਕੀ ਇਨਫਾਰਮੇਸ਼ਨ ਸੈਂਟਰ ਸਾਹਮਣੇ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ


ਨਵੀਂ ਦਿੱਲੀ (ਨ ਜ਼ ਸ)
ਅਮਰੀਕਾ ਦੇਸ਼ ਵਿੱਚ ਭਾਰਤੀਆਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਅਤੇ ਭਾਰਤੀਆਂ ਦੀ ਕੀਤੀ ਜਾ ਰਹੀ ਹੱਤਿਆ ਦੇ ਖਿਲਾਫ ਅੱਜ ਅਮਰੀਕੀ ਇਨਫਾਰਮੇਸ਼ਨ ਸੈਂਟਰ ਦੇ ਸਾਹਮਣੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਸੈਂਕੜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ। ਇਸ ਰੋਸ ਪ੍ਰਦਰਸਨ ਦੀ ਅਗਵਾਈ ਏ ਆਈ ਐੱਸ ਐੱਫ ਦੇ ਕੌਮੀ ਪ੍ਰਧਾਨ ਸਾਥੀ ਵੱਲੀ ਉੱਲਾ ਕਾਦਰੀ, ਜਨਰਲ ਸਕੱਤਰ ਸਾਥੀ ਵਿਸ਼ਵਜੀਤ ਕੁਮਾਰ, ਕੌਮੀ ਸਕੱਤਰ ਸਾਥੀ ਸਟਾਲਿਨ, ਰਾਹੀਲਾ ਪ੍ਰਵੀਨ, ਏ ਆਈ ਵਾਈ ਐੱਫ ਦੇ ਕੌਮੀ ਪ੍ਰਧਾਨ ਸਾਥੀ ਅਫਤਾਬ ਆਲਮ ਖਾਨ, ਜਨਰਲ ਸਕੱਤਰ ਆਰ ਤਿਰਮਲਾਈ ਕੌਮੀ ਉੱਪ ਪ੍ਰਧਾਨ ਪਰਮਜੀਤ ਢਾਬਾਂ, ਤਪਸ ਸਿਨ੍ਹਾ ਅਤੇ ਸੋਨੀ ਨੇ ਕੀਤੀ। ਸਾਬਕਾ ਵਿਦਿਆਰਥੀ ਅਤੇ ਕੌਮੀ ਨੌਜਵਾਨ ਆਗੂ ਸਾਥੀ ਬੀਨੋਏ ਵਿਸ਼ਵਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਤਾਨਾਸ਼ਾਹੀ ਰਵੱਈਆ ਅਪਣਾ ਚੁੱਕਿਆ ਹੈ। ਵਿਦਿਆਰਥੀ-ਨੌਜਵਾਨ ਗਰਜਵੀਂ ਆਵਾਜ਼ ਵਿੱਚ ਨਾਅਰੇ ਲਗਾ ਰਹੇ ਸਨ। ਅਮਰੀਕਾ ਵਿੱਚ ਭਾਰਤੀਆਂ ਦੀ ਹੱਤਿਆ ਬੰਦ ਕਰੋ, ਟਰੰਪ ਪ੍ਰਸ਼ਾਸਨ ਮੁਰਦਾਬਾਦ, ਇਨਕਲਾਬ-ਜ਼ਿੰਦਾਬਾਦ, ਮੋਦੀ ਸਰਕਾਰ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਓ। ਇਹ ਮਾਰਚ ਬਾਰਾਂ ਖੰਭਾ ਰੋਡ ਤੋਂ ਸ਼ੁਰੂ ਹੋ ਕੇ ਅਮਰੀਕੀ ਸੂਚਨਾ ਦਫਤਰ ਸਾਹਮਣੇ ਪਹੁੰਚਿਆ, ਜਿੱਥੇ ਵੱਡੀ ਗਿਣਤੀ ਵਿੱਚ ਪੁਲਸ ਬੱਲਾਂ ਨੇ ਬੈਰੀਅਰ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਉੱਥੇ ਹੀ ਧਰਨਾ ਲਗਾ ਕੇ ਮੰਗ ਕੀਤੀ ਕਿ ਭਾਰਤ ਸਰਕਾਰ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ।