ਗੁਰਮੇਹਰ ਵੱਲੋਂ ਹੁੱਡਾ ਤੇ ਸਹਿਵਾਗ 'ਤੇ ਨਿਸ਼ਾਨਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੋਸ਼ਲ ਮੀਡੀਆ 'ਚ ਆਪਣੇ ਵੀਡੀਓ ਅਤੇ ਬਿਆਨ ਕਾਰਨ ਟਰੋਲ ਦਾ ਸ਼ਿਕਾਰ ਹੋਈ ਗੁਰਮੇਹਰ ਕੌਰ ਨੇ ਰਣਦੀਪ ਹੁੱਡਾ ਅਤੇ ਕ੍ਰਿਕਟਰ ਵੀਰੇਂਦਰ ਸਹਿਵਾਗ 'ਤੇ ਇਕੋ ਟਵੀਟ ਨਾਲ ਨਿਸ਼ਾਨਾ ਲਾਇਆ ਹੈ। ਕਲਾਕਾਰ ਰਣਦੀਪ ਹੁੱਡਾ ਨੇ ਕਿਹਾ ਕਿ ਉਨ੍ਹਾ ਨੂੰ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨਾਲ ਸੰਬੰਧਤ ਆਪਣੇ ਟਵੀਟ 'ਤੇ ਸਾਵਧਾਨੀ ਵਰਤਣੀ ਚਾਹੀਦੀ ਸੀ।
ਜ਼ਿਕਰਯੋਗ ਹੈ ਕਿ ਲੇਡੀ ਸ਼ੀਕਾਮ ਕਾਲਜ ਦੀ ਵਿਦਿਆਰਥਣ ਤੇ ਫ਼ੌਜ ਦੇ ਸ਼ਹੀਦ ਕੈਪਟਨ ਦੀ ਬੇਟੀ ਗੁਰਮੇਹਰ ਕੌਰ ਨੇ ਏ ਬੀ ਵੀ ਪੀ ਵਿਰੁੱਧ ਸੋਸ਼ਲ ਮੀਡੀਆ 'ਤੇ ਮੁਹਿੰਮ ਛੇੜ ਦਿੱਤੀ ਸੀ, ਜਿਹੜੀ ਵਾਇਰਲ ਹੋ ਗਈ। ਦਰਅਸਲ ਗੁਰਮੇਹਰ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਗਿਆ, ਜਿਸ 'ਚ ਉਹ ਆਪਣੇ ਪਿਤਾ ਦੀ ਮੌਤ ਲਈ ਪਾਕਿਸਤਾਨ ਨੂੰ ਨਹੀਂ ਸਗੋਂ ਜੰਗ ਨੂੰ ਜ਼ਿੰਮੇਵਾਰ ਮੰਨਦੀ ਹੈ।
ਉਹਦੇ ਇਸ ਰੁਖ ਤੇ ਰਣਦੀਪ ਹੁੱਡਾ ਅਤੇ ਵੀਰੇਂਦਰ ਸਹਿਵਾਗ ਨੇ ਆਲੋਚਨਾ ਕੀਤੀ ਸੀ। ਹੁਣ ਹੁੱਡਾ ਦੀ ਸਫ਼ਾਈ 'ਤੇ ਚੁਟਕੀ ਲੈਂਦਿਆਂ ਗੁਰਮੇਹਰ ਕੌਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਪੋਸਟ ਕੀਤਾ ਹੈ ਕਿ ਮੈਂ ਟਵੀਟ ਨਹੀਂ ਕੀਤਾ ਸਗੋਂ ਮੇਰੇ ਹੱਥਾਂ ਨੇ ਅਜਿਹਾ ਕੀਤਾ ਹੈ। ਟਵੀਟ ਨਾਲ ਗੁਰਮੇਹਰ ਨੇ ਰਣਦੀਪ ਹੁੱਡਾ ਦੀ ਸਫ਼ਾਈ ਵਾਲੀ ਖ਼ਬਰ ਦਾ ਲਿੰਕ ਵੀ ਪੋਸਟ ਕੀਤਾ ਹੈ।
ਦਰਅਸਲ ਗੁਰਮੇਹਰ ਦਾ ਇਕ ਟਵੀਟ ਸਹਿਵਾਗ ਵਾਲੇ ਸਟਾਈਲ 'ਚ ਸੀ, ਜਿਸ ਨੇ ਗੁਰਮੇਹਰ ਨੂੰ ਟਰੋਲ ਕਰਦਿਆਂ ਕਿਹਾ ਸੀ ਕਿ ਰਨ ਮੈਂ ਨਹੀਂ ਬਣਾਏ ਸਨ ਮੇਰੇ ਬੱਲੇ ਨੇ ਬਣਾਏ। ਇਸੇ ਟਵੀਟ ਨੂੰ ਰਣਬੀਰ ਹੁੱਡਾ ਨੇ ਰੀਟਵੀਟ ਕੀਤਾ ਸੀ।
ਇਸ ਟਵੀਟ ਬਾਰੇ ਪੁੱਛੇ ਜਾਣ 'ਤੇ ਰਣਦੀਪ ਹੁੱਡਾ ਨੇ ਕਿਹਾ ਕਿ ਇਹ ਲਿੰਗ ਕੇਂਦਰਤ ਨਹੀਂ ਸੀ ਅਤੇ ਮੈਂ ਨਿੱਜੀ ਵਿਚਾਰਾਂ ਦੇ ਸਿਆਸੀਕਰਨ ਦੇ ਉਲਟ ਹਾਂ। ਦੇਸ਼ 'ਚ ਔਰਤਾਂ ਨੂੰ ਲੈ ਕੇ ਮਾਹੌਲ ਨੂੰ ਦੇਖਦਿਆਂ ਮੈਨੂੰ ਲੱਗਦਾ ਹੈ ਕਿ ਮੈਨੂੰ ਹੋਰ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਸੀ। ਉਨ੍ਹਾ ਕਿਹਾ ਕਿ ਮੇਰੇ ਟਵੀਟ ਨੂੰ ਗਲਤ ਅਰਥਾਂ 'ਚ ਦੇਖਿਆ ਗਿਆ ਅਤੇ ਲੋਕ ਮੇਰੇ ਪਿੱਛੇ ਹੀ ਪੈ ਗਏ।