5 ਮਹੀਨਿਆਂ 'ਚ 20 ਗੁਣਾ ਵਧੀ ਨਾਇਡੂ ਦੇ ਪੁੱਤਰ ਦੀ ਜਾਇਦਾਦ


ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੇ ਪੁੱਤਰ ਐਨ ਲੋਕੇਸ਼ ਦੀ ਜਾਇਦਾਦ 'ਚ ਵੱਡਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਵੱਲੋਂ ਕਾਗਜ਼ ਦਾਖ਼ਲ ਕਰਨ ਵੇਲੇ ਲੋਕੇਸ਼ ਨੇ ਆਪਣੀ ਜਾਇਦਾਦ 330 ਕਰੋੜ ਰੁਪਏ ਦੱਸੀ ਹੈ, ਜੋ ਅਕਤੂਬਰ 2016 'ਚ ਸਾਢੇ 14 ਕਰੋੜ ਰੁਪਏ ਸੀ, ਇਸ ਤਰ੍ਹਾਂ ਉਨ੍ਹਾ ਦੀ ਜਾਇਦਾਦ 'ਚ 5 ਮਹੀਨਿਆਂ ਦੌਰਾਨ 20 ਗੁਣਾ ਵਾਧਾ ਹੋਇਆ।
34 ਸਾਲਾ ਲੋਕੇਸ਼ ਨੇ ਸੋਮਵਾਰ ਨੂੰ ਸੂਬਾ ਵਿਧਾਨ ਪ੍ਰੀਸ਼ਦ ਦੀ ਚੋਣ ਲੜਨ ਲਈ ਕਾਗ਼ਜ਼ ਦਾਖ਼ਲ ਕੀਤੇ ਅਤੇ ਚੋਣ ਕਮਿਸ਼ਨ ਨੂੰ ਆਪਣੀ ਅਤੇ ਪਰਵਾਰ ਦੀ ਜਾਇਦਾਦ ਦਾ ਵੇਰਵਾ ਦਿੱਤਾ। ਜ਼ਿਕਰਯੋਗ ਹੈ ਕਿ ਲੋਕੇਸ਼ ਤੇਲਗੂ ਦੇਸਮ ਦੇ ਜਨਰਲ ਸਕੱਤਰ ਹਨ ਅਤੇ ਵਿਧਾਨ ਪ੍ਰੀਸ਼ਦ ਦੀ ਚੋਣ ਲੜ ਰਹੇ ਹਨ।
ਹਲਫ਼ਨਾਮੇ 'ਚ ਲੋਕੇਸ਼ ਨੇ ਆਪਣੀ 27383 94996 ਰੁਪਏ ਦੀ ਚੱਲ ਜਾਇਦਾਦ ਦਾ ਖੁਲਾਸਾ ਕੀਤਾ, ਜਿਹੜੀ ਉਨ੍ਹਾ ਦੇ ਪਰਵਾਰ ਦੇ ਮਾਲਿਕਾਨਾ ਹੱਕ ਵਾਲੀ ਕੰਪਨੀ ਹੈਰੀਟੇਜ ਫੂਡ ਲਿਮਟਿਡ 'ਚ ਉਨ੍ਹਾ ਦੇ ਸ਼ੇਅਰਾਂ ਦੇ ਰੂਪ 'ਚ ਹੈ। ਲੋਕੇਸ਼ ਇਸ ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਨ। ਲੋਕੇਸ਼ ਨੇ 18 ਕਰੋੜ ਰੁਪਏ ਦੀ ਅਚੱਲ ਜਾਇਦਾਦ, ਵਿਰਾਸਤ 'ਚ ਮਿਲੇ 38.51 ਕਰੋੜ ਅਤੇ 6.28 ਕਰੋੜ ਰੁਪਏ ਦੀ ਦੇਣਦਾਰੀ ਦਾ ਐਲਾਨ ਕੀਤਾ ਸੀ ਅਤੇ ਇਸ ਤਰ੍ਹਾਂ ਉਨ੍ਹਾ ਦੀ ਕੁਲ ਜਾਇਦਾਦ 303 ਕਰੋੜ ਰੁਪਏ ਬਣਦੀ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ 2016 'ਚ ਲੋਕੇਸ਼ ਨੇ 14.50 ਕਰੋੜ ਰੁਪਏ ਦੀ ਜਾਇਦਾਦ ਅਤੇ 6.35 ਕਰੋੜ ਰੁਪਏ ਦੀ ਦੇਣਦਾਰੀ ਦਾ ਐਲਾਨ ਕੀਤਾ ਸੀ। ਲੋਕੇਸ਼ ਦੀ ਪਤਨੀ ਬ੍ਰਾਹਮਣੀ 5.38 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ, ਜਦਕਿ ਉਨ੍ਹਾ ਦੇ ਇਕ ਸਾਲ ਦੇ ਪੁੱਤਰ ਦੇਵਾਂਸ਼ ਦੇ ਨਾਂਅ 'ਤੇ 11.17 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ 'ਚ 2 ਕਰੋੜ ਰੁਪਏ ਦੀ ਐਫ਼ ਡੀ ਆਰ ਵੀ ਸ਼ਾਮਲ ਹੈ।