ਸੜਕ ਹਾਦਸੇ 'ਚ ਤਿੰਨ ਦੀ ਮੌਤ


ਧੂਰੀ (ਰਾਜੇਸ਼ਵਰ ਪਿੰਟੂ, ਬਿੰਨੀ ਗਰਗ)-ਧੂਰੀ-ਮਾਲੇਰਕੋਟਲਾ ਰੋਡ 'ਤੇ ਸਥਿਤ ਉਦਯੋਗਿਕ ਇਕਾਈ ਕੇ.ਆਰ.ਬੀ.ਐਲ. ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਹਾਸਲ ਜਾਣਕਾਰੀ ਦੇ ਮੁਤਾਬਕ ਕਾਸਮਦੀਨ ਪੁੱਤਰ ਮੁੱਸਾ, ਸ਼ਾਮ ਅਲੀ ਪੁੱਤਰ ਅਲਫਦੀਨ ਵਾਸੀਆਨ ਲੋਹਗੜ੍ਹ (ਡੇਹਲੋਂ) ਅਤੇ ਰੋਸ਼ਨ ਅਲੀ ਪੁੱਤਰ ਦੁੱਲਾ ਵਾਸੀ ਪਿੰਡ ਕਿਲ੍ਹਾ ਰਾਏਪੁਰ (ਡੇਹਲੋਂ) ਧੂਰੀ ਦੇ ਨਾਲ ਲੱਗਦੇ ਪਿੰਡ ਬਰੜਵਾਲ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਕਿਸੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਆਏ ਸਨ। ਸਮਾਗਮ ਤੋਂ ਉਪਰੰਤ ਅੱਜ ਸਵੇਰੇ ਕਰੀਬ ਤਿੰਨ ਵਜੇ ਜਦ ਉਹ ਤਿੰਨੋਂ ਆਪਣੇ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਸੀ, ਤਾਂ ਉਕਤ ਉਦਯੋਗਿਕ ਇਕਾਈ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਮਾਰੇ ਗਏ ਤਿੰਨਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੈਟਰੋਲਿੰਗ ਪੁਲਸ ਪਾਰਟੀ ਵੱਲੋਂ ਸਰਕਾਰੀ ਹਸਪਤਾਲ ਵਿਖੇ ਲਿਆਉਣ ਤੋਂ ਉਪਰੰਤ ਪੁਲਸ ਵੱਲੋਂ ਉਨ੍ਹਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਸੀ। ਮ੍ਰਿਤਕਾਂ ਦੇ ਵਾਰਸਾਂ ਵੱਲੋਂ ਪੁਲਸ ਨੂੰ ਕੋਈ ਵੀ ਕਾਰਵਾਈ ਨਾ ਕਰਵਾਉਣ ਦੀ ਇੱਛਾ ਜ਼ਾਹਰ ਕਰਦੇ ਹੋਏ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਸੀ।
ਮਾਮਲੇ ਦੀ ਤਫਤੀਸ਼ ਕਰ ਰਹੇ ਥਾਣਾ ਸਦਰ ਧੂਰੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਹਰਦੀਪ ਸਿੰਘ ਨੇ ਕਿਹਾ ਕਿ ਵਾਰਸਾਂ ਵੱਲੋਂ ਪੋਸਟ ਮਾਰਟਮ ਨਾ ਕਰਾਉਣ ਦੀ ਇੱਛਾ ਜਤਾਉਣ ਤੋਂ ਬਾਅਦ ਇਹ ਮਾਮਲਾ ਐਸ.ਡੀ.ਐਮ ਧੂਰੀ ਦੇ ਵਿਚਾਰਾਧੀਨ ਹੈ।