ਦਾਖ਼ਲਾ ਪ੍ਰੀਖਿਆ 'ਚ ਫੇਲ੍ਹ ਵਿਦਿਆਰਥੀਆਂ ਨੂੰ ਮੈਡੀਕਲ ਡਿਗਰੀਆਂ


ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਯੂਨੀਵਰਸਿਟੀ ਅਤੇ ਮੈਡੀਕਲ ਕੌਂਸਲ ਆਫ਼ ਇੰਡੀਆ ਕੋਲ ਦਾਇਰ ਇੱਕ ਆਰ ਟੀ ਆਈ ਨਾਲ ਗੁਜਰਾਤ ਦੇ ਮੈਡੀਕਲ ਕਾਲਜਾਂ 'ਚ ਮੱਧ ਪ੍ਰਦੇਸ਼ ਦੇ ਵਿਆਪਮ ਵਰਗੇ ਘੁਟਾਲੇ ਦਾ ਸੰਕੇਤ ਮਿਲਿਆ ਹੈ। ਆਰ ਟੀ ਆਈ ਤੋਂ ਖੁਲਾਸਾ ਹੋਇਆ ਹੈ ਕਿ ਗੁਜਰਾਤ ਦੇ ਮੈਡੀਕਲ ਨੇ 100 ਤੋਂ ਵੱਧ ਅਜਿਹੇ ਵਿਦਿਆਰਥੀਆਂ ਨੂੰ ਡਾਕਟਰੀ ਦੀ ਡਿਗਰੀ ਦੇ ਦਿੱਤੀ, ਜਿਹੜੇ ਦਾਖ਼ਲਾ ਪ੍ਰੀਖਿਆ ਵੀ ਪਾਸ ਨਹੀਂ ਕਰ ਸਕੇ ਸਨ। ਇਸ ਸੰਬੰਧ 'ਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਸ਼ਿਕਾਇਤ ਭੇਜੀ ਗਈ ਹੈ।
ਜ਼ਿਕਰਯੋਗ ਹੈ ਕਿ ਗੁਜਰਾਤ ਯੂਨੀਵਰਸਿਟੀ ਨਾਲ ਸੰਬੰਧਤ ਮੈਡੀਕਲ ਕਾਲਜਾਂ 'ਚ ਦਾਖ਼ਲੇ ਲਈ ਜਨਵਰੀ 2015 'ਚ ਦਾਖ਼ਲਾ ਟੈਸਟ ਲਿਆ ਗਿਆ ਅਤੇ ਬੀ ਜੇ ਮੈਡੀਕਲ ਕਾਲਜ ਅਤੇ ਐਨ ਐਚ ਐਲ ਮੈਡੀਕਲ ਕਾਲਜ ਦੀਆਂ 300 ਸੀਟਾਂ ਲਈ 900 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ 200 ਵਿਦਿਆਰਥੀ ਹੀ ਇਹ ਪ੍ਰੀਖਿਆ ਪਾਸ ਕਰ ਸਕੇ ਸਨ, ਜਿਸ ਕਰਕੇ 100 ਸੀਟਾਂ ਖਾਲੀ ਰਹਿ ਗਈਆਂ। ਆਰ ਟੀ ਆਈ ਅਨੁਸਾਰ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੇ ਆਪਣੇ ਤੇ ਆਪਣੇ ਕਰੀਬੀਆਂ ਦੇ ਬੱਚਿਆਂ ਨੂੰ ਦਾਖ਼ਲੇ ਦੁਆਉਣ ਲਈ ਨਿਯਮਾਂ ਦੀ ਉਲੰਘਣਾ ਕੀਤੀ।
ਐਮ ਸੀ ਆਈ ਦੇ ਨਿਯਮਾਂ ਅਨੁਸਾਰ ਪ੍ਰੀਖਿਆ 'ਚ ਫੇਲ੍ਹ ਅਤੇ ਗੈਰ-ਹਾਜ਼ਰ ਰਹੇ ਵਿਦਿਆਰਥੀ ਪੋਸਟ ਗਰੈਜੂਏਟ ਕੋਰਸਾਂ 'ਚ ਦਾਖ਼ਲਾ ਨਹੀਂ ਲੈ ਸਕਦੇ, ਪਰ ਨਿਯਮਾਂ ਦੀ ਅਣਦੇਖੀ ਕਰਦਿਆਂ ਆਪਣਿਆਂ ਨੂੰ ਦਾਖ਼ਲੇ ਦੇਣ ਲਈ ਐਮ ਸੀ ਆਈ ਨੂੰ ਛੁੱਟੀਆਂ ਮਾਰਕ ਸ਼ੀਟਾਂ ਭੇਜੀਆਂ ਗਈਆਂ।
ਇਸ 'ਚ ਖੁਲਾਸਾ ਹੋਇਆ ਕਿ ਕੁਝ ਵਿਦਿਆਰਥੀਆਂ ਨੇ ਪ੍ਰੀਖਿਆ ਹੀ ਨਹੀਂ ਦਿੱਤੀ, ਪਰ ਰਿਕਾਰਡ 'ਚ ਉਨ੍ਹਾ ਨੂੰ ਪ੍ਰੀਖਿਆ 'ਚ ਪਾਸ ਦਿਖਾਇਆ ਗਿਆ। ਕੁਝ ਮਾਮਲਿਆਂ 'ਚ ਐਮ ਸੀ ਆਈ ਨੂੰ ਗੁੰਮਰਾਹ ਕਰਨ ਲਈ ਝੂਠੇ ਜਾਤੀ ਸਰਟੀਫਿਕੇਟ ਵੀ ਲਾਏ ਗਏ।
ਆਰ ਟੀ ਆਈ ਤੋਂ ਪਤਾ ਚੱਲਿਆ ਹੈ ਕਿ ਇਸ ਤਰ੍ਹਾਂ ਜਿਨ੍ਹਾਂ ਨੂੰ ਦਾਖ਼ਲਾ ਮਿਲਿਆ, ਉਹ ਵੱਡੇ ਡਾਕਟਰਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਪਰਵਾਰਾਂ ਨਾਲ ਸੰਬੰਧਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਦਿਆਰਥੀ ਨੇ ਪ੍ਰੀਖਿਆ 'ਚ 41 ਫ਼ੀਸਦੀ ਨੰਬਰ ਪ੍ਰਾਪਤ ਕੀਤੇ, ਪਰ ਐਮ ਸੀ ਆਈ ਰਿਕਾਰਡ 'ਚ ਉਸ ਦੇ 53 ਫ਼ੀਸਦੀ ਨੰਬਰ ਦਰਜ ਸਨ।
ਗੁਜਰਾਤ ਦੇ ਸਿਹਤ ਕਮਿਸ਼ਨਰ ਜੇ ਪੀ ਗੁਪਤਾ ਨੇ ਕਿਹਾ ਕਿ ਉਨ੍ਹਾ ਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ। ਉਨ੍ਹਾ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਅਤੇ ਉਸ ਮਗਰੋਂ ਹੀ ਵਿਦਿਆਰਥੀਆਂ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ 'ਤੇ ਵਿਚਾਰ ਕੀਤਾ ਜਾਵੇਗਾ।