ਟਰੰਪ ਵੱਲੋਂ ਸਰਕਾਰੀ ਵਕੀਲ ਭਰਾਰਾ ਦੀ ਛੁੱਟੀ

ਭ੍ਰਿਸ਼ਟਾਚਾਰ ਵਿਰੁੱਧ ਆਪਣੀ ਲੜਾਈ ਲਈ ਪ੍ਰਸਿੱਧ ਭਾਰਤ 'ਚ ਜਨਮੇ ਸਰਕਾਰੀ ਵਕੀਲ ਪ੍ਰੀਤ ਭਰਾਰਾ ਨੂੰ ਟਰੰਪ ਪ੍ਰਸ਼ਾਸਨ ਨੇ ਅਹੁਦੇ ਤੋਂ ਹਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਓਬਾਮਾ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਗਏ 46 ਵਕੀਲਾਂ ਨੂੰ ਤੁਰੰਤ ਅਸਤੀਫ਼ੇ ਦੇਣ ਦਾ ਹੁਕਮ ਦਿੱਤਾ ਸੀ, ਪਰ ਭਗਰਾ ਨੇ ਸਰਕਾਰ ਦਾ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਇਹ ਕਦਮ ਚੁੱਕਿਆ ਗਿਆ। ਭਰਾਰਾ ਨੇ ਮਗਰੋਂ ਇੱਕ ਟਵੀਟ 'ਚ ਕਿਹਾ ਕਿ ਮੈਂ ਅਸਤੀਫ਼ਾ ਨਹੀਂ ਦਿੱਤਾ, ਜਿਸ 'ਤੇ ਕੁਝ ਦੇਰ ਪਹਿਲਾਂ ਮੈਨੂੰ ਕੱਢ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 48 ਸਾਲਾ ਭਰਾਰਾ ਨੂੰ ਅਮਰੀਕਾ ਦੇ ਸਭ ਤੋਂ ਮੰਨੇ-ਪ੍ਰਮੰਨੇ ਸੰਘੀ ਵਕੀਲਾਂ 'ਚੋਂ ਮੰਨਿਆ ਜਾਂਦਾ ਹੈ। ਉਨ੍ਹਾ ਨੂੰ ਦੇਸ਼ 'ਚ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ ਜਾਣਿਆ ਜਾਂਦਾ ਹੈ। ਇੱਕ ਦਿਨ ਪਹਿਲਾਂ ਕਾਰਜਕਾਰੀ ਡਿਪਟੀ ਅਟਾਰਨੀ ਜਨਰਲ ਨੇ ਉਨ੍ਹਾ ਨੂੰ ਤੁਰੰਤ ਅਸਤੀਫ਼ਾ ਦੇਣ ਲਈ ਕਿਹਾ ਸੀ।
ਜ਼ਿਕਰਯੋਗ ਹੈ ਕਿ ਟਰੰਪ ਦੇ ਰਾਸ਼ਟਰਪਤੀ ਚੋਣ ਜਿੱਤਣ ਤੋਂ ਕੁਝ ਸਮੇਂ ਮਗਰੋਂ ਭਰਾਰਾ ਦੀ ਟਰੰਪ ਟਾਵਰਜ਼ 'ਚ ਉਨ੍ਹਾ ਨਾਲ ਮੁਲਾਕਾਤ ਹੋਈ ਸੀ। ਟਰੰਪ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਭਰਾਰਾ ਨੇ ਕਿਹਾ ਸੀ ਕਿ ਮੁਲਾਕਾਤ ਦੌਰਾਨ ਟਰੰਪ ਨੇ ਮੈਨੂੰ ਅਹੁਦੇ 'ਤੇ ਬਣੇ ਰਹਿਣ ਲਈ ਕਿਹਾ ਸੀ ਅਤੇ ਮੈਂ ਇਸ ਲਈ ਸਹਿਮਤ ਹੋ ਗਿਆ ਸੀ।
ਇਸੇ ਦੌਰਾਨ ਸੈਨੇਟ 'ਚ ਘੱਟ ਗਿਣਤੀਆਂ ਦੇ ਆਗੂ ਚਾਰਲਸ ਸੁਮੇਰ ਨੇ ਭਰਾਰਾ ਨੂੰ ਹਟਾਏ ਜਾਣ ਦੀ ਆਲੋਚਨਾ ਕਰਦਿਆਂ ਉਨ੍ਹਾ ਨੂੰ ਸ਼ਾਨਦਾਰ ਅਮਰੀਕੀ ਵਕੀਲ ਦੱਸਿਆ ਹੈ। ਸਾਊਥ ਏਸ਼ੀਅਨ ਬਾਰੇ ਐਸੋਸੀਏਸ਼ਨ ਨੇ ਵੀ ਭਰਾਰਾ ਨੂੰ ਹਟਾਏ ਜਾਣ ਦੀ ਆਲੋਚਨਾ ਕੀਤੀ ਹੈ ਅਤੇ ਸੈਨੇਟਰ ਪੈਟਰਿਕ ਲੇਹੀ ਨੇ ਨਿਆਂ ਵਿਭਾਗ ਦੀ ਸੁਤੰਤਰਤਾ ਪ੍ਰਤੀ ਵੀ ਸ਼ੰਕਾ ਪ੍ਰਗਟਾਈ ਹੈ।