ਕਾਂਗਰਸ ਵੱਲੋਂ ਲੋਕ ਸਭਾ 'ਚੋਂ ਵਾਕ-ਆਊਟ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੋਆ ਅਤੇ ਮਣੀਪੁਰ 'ਚ ਭਾਜਪਾ ਵੱਲੋਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿੱਚ ਸੰਸਦ ਵਿੱਚ ਭਾਰੀ ਹੰਗਾਮਾ ਹੋਇਆ। ਸੁਪਰੀਮ ਕੋਰਟ 'ਚ ਦਿਨ ਵੇਲੇ ਮਾਮਲੇ 'ਤੇ ਸੁਣਵਾਈ ਚੱਲ ਰਹੀ ਸੀ, ਉਸੇ ਦੌਰਾਨ ਕਾਂਗਰਸ ਤੇ ਭਾਜਪਾ 'ਤੇ ਖਰੀਦੋ-ਫਰੋਖਤ ਦਾ ਦੋਸ਼ ਲਾਉਂਦਿਆਂ ਲੋਕ ਸਭਾ 'ਚੋਂ ਵਾਕ-ਆਊਟ ਕੀਤਾ।
ਕਾਂਗਰਸ ਨੇ ਦੋਹਾਂ ਸੂਬਿਆਂ 'ਚ ਸਰਕਾਰ ਦੇ ਗਠਨ ਦੇ ਮੁੱਦੇ 'ਤੇ ਲੋਕ ਸਭਾ 'ਚ ਕੰਮ ਰੋਕੂ ਮਤਾ ਪੇਸ਼ ਕੀਤਾ, ਜਿਸ 'ਤੇ ਭਾਜਪਾ ਨੇ ਆਪਣੇ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਕੇ ਹਾਊਸ 'ਚ ਹਾਜ਼ਰ ਰਹਿਣ ਲਈ ਕਿਹਾ। ਅੱਜ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਮੈਂਬਰਾਂ ਨੇ ਗੋਆ ਅਤੇ ਮਣੀਪੁਰ ਦੇ ਮੁੱਦੇ 'ਤੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਇਸ ਮਗਰੋਂ ਕਾਂਗਰਸ ਦੇ ਸਾਰੇ ਮੈਂਬਰ ਹਾਊਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਵਾਕ-ਆਊਟ ਕਰ ਗਏ।
ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਪਾਰਟੀ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਮਿਲਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ ਤਾਂ ਉਸ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਮਿਲਿਆ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ, ਉਸ ਮਗਰੋਂ ਕਾਂਗਰਸ 'ਤੇ ਆਪ ਨੇ ਮਿਲ ਕੇ ਸਰਕਾਰ ਬਣਾਈ।
ਉਨ੍ਹਾ ਕਿਹਾ ਕਿ ਰਾਜਪਾਲ ਨੂੰ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਸਦਾ ਦੇਣਾ ਚਾਹੀਦਾ ਹੈ ਅਤੇ ਸੰਵਿਧਾਨ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।
ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਪੀ ਚਿਦੰਬਰਮ ਨੇ ਕਿਹਾ ਕਿ ਦੂਜੇ ਨੰਬਰ 'ਤੇ ਆਉਣ ਵਾਲੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਹੱਕ ਨਹੀਂ। ਉਨ੍ਹਾ ਭਾਜਪਾ 'ਤੇ ਗੋਆ ਤੇ ਮਣੀਪੁਰ 'ਚ ਸਰਕਾਰ ਬਣਾਉਣ ਲਈ ਜੋੜ-ਤੋੜ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਮਣੀਪੁਰ 'ਚ ਕਾਂਗਰਸ ਨੇ 28 ਤੇ ਭਾਜਪਾ ਨੇ 21 ਸੀਟਾਂ ਜਿੱਤੀਆਂ ਹਨ।