ਬੀਬੀ ਆਸ਼ਾ ਰਾਣੀ ਦੇ ਸ਼ਰਧਾਂਜਲੀ ਸਮਾਗਮ ਸਮੇਂ ਪਰਵਾਰ ਵੱਲੋਂ ਸਹਾਇਤਾ


ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਪਿਛਲੇ ਦਿਨੀਂ ਬੀਬੀ ਆਸ਼ਾ ਰਾਣੀ (ਪਤਨੀ ਸਾਥੀ ਦੇਵੀ ਦਿਆਲ ਸ਼ਰਮਾ) ਦਾ ਦਿਹਾਂਤ ਹੋ ਗਿਆ ਸੀ। ਉਹ ਸਾਰੀ ਉਮਰ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ ਅਤੇ ਵਿਭਿੰਨ ਘੋਲਾਂ ਦੌਰਾਨ ਦੋ ਵਾਰ ਜੇਲ੍ਹ ਯਾਤਰਾ ਵੀ ਕੀਤੀ। ਉਹ ਮਜ਼ਦੂਰਾਂ ਨੂੰ ਘਰ ਦਿਵਾਉਣ ਦੇ ਘੋਲ ਵਿਚ ਮੂਹਰਲੀਆਂ ਕਤਾਰਾਂ ਵਿਚ ਖੜੇ ਹੋ ਕੇ ਜੂਝਦੇ ਰਹੇ, ਜਿਸ ਘੋਲ ਦੀ ਜਿੱਤ ਉਤੇ ਸੈਂਕੜੇ ਸਨਅਤੀ ਮਜ਼ਦੂਰਾਂ ਨੂੰ ਉਹਨਾਂ ਨੂੰ ਅਲਾਟ ਘਰਾਂ ਦੇ ਮਾਲਕੀ ਹੱਕ ਵੀ ਪ੍ਰਾਪਤ ਹੋਏ। ਉਹਨਾਂ ਦੇ ਭੋਗ 'ਤੇ ਉਹਨਾਂ ਦੇ ਪਰਵਾਰ ਨੇ 8000/- ਰੁਪਏ ਪੰਜਾਬ ਸਟੇਟ ਕੌਂਸਲ ਸੀ ਪੀ ਆਈ, 8000/- ਰੁਪਏ ਨਵਾਂ ਜ਼ਮਾਨਾ, 8000/- ਰੁਪਏ ਜ਼ਿਲ੍ਹਾ ਚੰਡੀਗੜ੍ਹ ਕਮਿਊਨਿਸਟ ਪਾਰਟੀ ਅਤੇ 3000/- ਰੁਪਏ ਪੰਜਾਬੀ ਮੰਚ ਚੰਡੀਗੜ੍ਹ ਨੂੰ ਸਹਾਇਤਾ ਵਜੋਂ ਦਿੱਤੇ। ਉਹਨਾਂ ਦੇ ਦਿਹਾਂਤ ਸਮੇਂ ਇਹ ਰਕਮ ਉਹਨਾਂ ਦੇ ਬੈਂਕ ਖਾਤੇ ਵਿਚ ਸੀ। ਕਮਿਊਨਿਸਟ ਆਗੂ ਗੁਰਨਾਮ ਕੰਵਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹੋਏ ਸਮੁੱਚੇ ਕਮਿਊਨਿਸਟ ਪਰਵਾਰ ਨਾਲ ਦੁੱਖ ਵੀ ਸਾਂਝਾ ਕਰਦੇ ਹਾਂ ਅਤੇ ਸਹਾਇਤਾ ਲਈ ਪਰਵਾਰ ਦਾ ਧੰਨਵਾਦ ਕਰਦੇ ਹਾਂ।