ਮਨੀਪੁਰ 'ਚ ਪਹਿਲੀ ਵਾਰੀ ਬਣੀ ਭਾਜਪਾ ਸਰਕਾਰ


ਇੰਫਾਲ (ਨ ਜ਼ ਸ)
ਮਨੀਪੁਰ ਵਿੱਚ ਪਹਿਲੀ ਵਾਰੀ ਭਾਜਪਾ ਦੀ ਸਰਕਾਰ ਬਣ ਗਈ ਹੈ। ਰਾਜਪਾਲ ਨਜਮਾ ਹੈਪਤੁਲਾ ਨੇ ਭਾਜਪਾ ਦੇ ਆਗੂ ਐੱਨ ਬੀਰੇਨ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਾਈ। ਐੱਨ ਪੀ ਪੀ ਦੇ ਆਗੂ ਜੈਕੁਮਾਰ ਸਿੰਘ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 21 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਦ ਕਿ ਕਾਂਗਰਸ ਨੂੰ 28 ਸੀਟਾਂ ਮਿਲੀਆਂ ਸਨ, ਪਰ ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ 'ਚ 33 ਵਿਧਾਇਕਾਂ ਦੀ ਹਮਾਇਤ ਹਾਸਲ ਹੋਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਐਤਵਾਰ ਨੂੰ ਕਾਂਗਰਸ ਨੇ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਪਰ ਰਾਜਪਾਲ ਨੇ ਕਿਹਾ ਕਿ ਉਹ ਭਾਜਪਾ ਦੇ ਦਾਅਵੇ ਨਾਲ ਸਹਿਮਤ ਹਨ। ਬੀਰੇਨ ਸਿੰਘ ਨੂੰ ਸੋਮਵਾਰ ਨੂੰ ਸਰਵ-ਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਸੀ ਅਤੇ ਉਹਨਾ ਨੇ ਰਾਜਪਾਲ ਨਜਮਾ ਹੈਪਤੁੱਲਾ ਨਾਲ ਮੁਲਾਕਾਤ ਕਰਕੇ ਸੂਬੇ 'ਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਮਨੀਪੁਰ ਵਿੱਚ ਸੇਵਾ ਕਰਨ ਦਾ ਮੌਕਾ ਦੇਣ ਲਈ ਬੀਰੇਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਬੀਰੇਨ ਸਿੰਘ ਨੂੰ ਸਰਕਾਰ ਬਣਾਉਣ ਦਾ ਸੱਦਾ ਉਸ ਦਿਨ ਆਇਆ, ਜਦੋਂ ਐੱਨ ਡੀ ਏ ਵਿੱਚ ਸ਼ਾਮਲ ਨਾਗਾ ਪਿਪਲਜ਼ ਫਰੰਟ ਦੇ ਚਾਰ ਮੈਂਬਰਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਦੇ ਗਠਨ ਲਈ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਰਾਜ ਭਵਨ ਦੇ ਸੂਤਰਾਂ ਮੁਤਾਬਕ ਨਾਗਾ ਪਿਪਲਜ਼ ਫਰੰਟ ਦੇ ਚਾਰ ਵਿਧਾਇਕਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਉਹਨਾ ਨੇ ਸਰਕਾਰ ਦੇ ਗਠਨ ਲਈ ਭਾਜਪਾ ਨੂੰ ਆਪਣਾ ਸਮੱਰਥਨ ਦੇਣ ਦਾ ਐਲਾਨ ਕੀਤਾ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ਵਿੱਚ 32 ਵਿਧਾਇਕਾਂ ਦੀ ਹਮਾਇਤ ਦੇਣ ਦਾ ਦਾਅਵਾ ਕੀਤਾ। ਗੋਆ ਤੋਂ ਬਾਅਦ ਮਨੀਪੁਰ ਦੂਜਾ ਅਜਿਹਾ ਸੂਬਾ ਹੋਵੇਗਾ, ਜਿਨ੍ਹਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨੂੰ ਇਕੱਲਿਆਂ ਸਰਕਾਰ ਬਣਾਉਣ ਲਈ ਸਮੱਰਥਨ ਨਹੀਂ ਮਿਲਿਆ। ਮਨੀਪੁਰ ਅਤੇ ਗੋਆ ਵਿੱਚ ਸਰਕਾਰ ਬਣਾਉਣ ਦੇ ਯਤਨਾਂ ਨੂੰ ਲੈ ਕੇ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਰੱਦ ਕਰਦਿਆਂ ਭਾਜਪਾ ਨੇ ਕਿਹਾ ਕਿ ਕਾਂਗਰਸ ਲੋੜੀਂਦੇ ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਵਿੱਚ ਨਾਕਾਮ ਰਹੀ ਹੈ। ਇਸ ਲਈ ਉਸ ਨੂੰ ਸਰਕਾਰ ਬਣਾਉਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਸੰਸਦ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਈ ਵਾਰੀ ਆਪਣੇ ਅਧਿਕਾਰਾਂ ਅਤੇ ਧਾਰਾ 356 ਦੀ ਵਰਤੋਂ ਕਰਦਿਆਂ ਗੈਰ ਕਾਂਗਰਸੀ ਸਰਕਾਰਾਂ ਨੂੰ ਡੇਗਿਆ ਸੀ।