ਇੰਪਲਾਈਜ਼ ਫੈਡਰੇਸ਼ਨ ਵੱਲੋਂ ਪਾਵਰ ਮੈਨੇਜਮੈਂਟ ਖਿਲਾਫ ਸੰਘਰਸ਼ ਦਾ ਐਲਾਨ


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਬਿਜਲੀ ਕਾਮਿਆਂ ਦੀ ਜਥੇਬੰਦੀ ਪੀ ਐੱਸ ਈ ਬੀ ਇੰਪ: ਫੈਡ: ਏਟਕ ਪੰਜਾਬ ਰਜਿ: ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਬਾਬਾ ਜਲਵੰਤ ਸਿੰਘ ਹਾਲ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਐੱਫ ਈ ਦੇ ਆਗੂ ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾ, ਜਸਬੀਰ ਸਿੰਘ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਸ ਮੀਟਿੰਗ ਦੀ ਕਾਰਵਾਈ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਡਿਪਟੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਮੀਟਿੰਗ ਦੇ ਸ਼ੁਰੂ ਵਿੱਚ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਦੇ ਜੀਜਾ ਦੀ ਬੇਵਕਤੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਪਰੰਤ ਪਿਛਲੇ ਰੀਵਿਊ ਵਿੱਚ 3 ਅਤੇ 4 ਮਾਰਚ ਨੂੰ ਲਲਤੋ ਕਲਾਂ ਵਿਖੇ ਹੋਈ ਸੂਬਾ ਕਾਨਫਰੰਸ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਾਨਫਰੰਸ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਐੱਸ ਪੀ ਸਿੰਘ ਅਤੇ ਦਿਹਾਤੀ ਸਰਕਲ ਲੁਧਿਆਣਾ ਦੇ ਅਹੁਦੇਦਾਰਾਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕਰਕੇ ਮਾਸਿਕ ਬਿਜਲੀ ਉਜਾਲਾ ਦੀ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸੁਰਿੰਦਰਪਾਲ ਸਿੰਘ ਲਹੌਰੀਆ ਨੂੰ ਬਿਜਲੀ ਉਜਾਲਾ ਦਾ ਕੈਸ਼ੀਅਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਾਜ ਕੁਮਾਰ ਤਿਵਾੜੀ, ਭੁਪਿੰਦਰਪਾਲ ਸਿੰਘ ਬਰਾੜ, ਪ੍ਰਦੁਮਨ ਗੌਤਮ ਨੂੰ ਨਵੇਂ ਮੈਂਬਰ ਨਾਮਜ਼ਦ ਕੀਤਾ ਗਿਆ। ਮੀਟਿੰਗ ਵਿੱਚ ਜ਼ੋਨ ਕਮੇਟੀਆਂ ਨਾਮਜ਼ਦ ਕਰਨ ਬਾਰੇ ਫੈਸਲਾ 31.4.17 ਤੱਕ ਕੀਤਾ ਗਿਆ। ਜਥੇਬੰਦੀ ਦੀ ਸਾਲ 2017 ਦੀ ਮੈਂਬਰਸ਼ਿਪ ਸੂਬਾ ਕਮੇਟੀ ਨੂੰ ਜਮ੍ਹਾ ਕਰਵਾਉਣ ਦੀ ਮਿਤੀ 30.5.17 ਤਹਿ ਕੀਤੀ ਗਈ। ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਿਲਾਫ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ 24 ਮਾਰਚ ਤੋਂ 12.4.2017 ਤੱਕ ਪੰਜਾਬ ਪੱਧਰ 'ਤੇ ਡਵੀਜ਼ਨ ਦਫਤਰਾਂ ਵਿੱਚ ਰੋਸ ਧਰਨੇ ਲਾਉਣ ਤੋਂ ਬਾਅਦ ਹੈੱਡ ਆਫਿਸ ਪਟਿਆਲਾ ਵਿਖੇ ਸੂਬਾ ਪੱਧਰੀ ਧਰਨਾ ਲਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਸੂਬਾ ਆਗੂਆਂ ਗੁਰਮੀਤ ਸਿੰਘ ਧਾਲੀਵਾਲ, ਮੁਸਤਾਕ ਮਸੀਹ, ਨਰਿੰਦਰ ਕੁਮਾਰ ਬੱਲ, ਰਮਜੀਤ ਸਿੰਘ ਬਿੰਜੋਕੀ ਆਦਿ ਨੇ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਕਾਮਿਆਂ ਨੂੰ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀ ਤਰਜ਼ 'ਤੇ ਪੇ-ਬੈਂਡ 1.11.12 ਤੋਂ ਦਿੱਤਾ ਜਾਵੇ, ਮਹਿਕਮੇ ਵਿੱਚ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ, 5 ਪ੍ਰਤੀਸ਼ਤ ਅੰਤਰਿਮ ਰਿਲੀਫ ਬਿਜਲੀ ਕਾਮਿਆਂ ਨੂੰ ਤੁਰੰਤ ਦਿੱਤੀ ਜਾਵੇ, ਸੇਵਾ ਮੁਕਤ ਅਤੇ ਨਵੇਂ ਭਰਤੀ ਕੀਤੇ ਕਰਮਚਾਰੀਆਂ ਨੂੰ ਬਿਜਲੀ ਬਿੱਲਾਂ ਵਿੱਚ ਯੂਨਿਟਾਂ ਦੀ ਛੋਟ ਦਿੱਤੀ ਜਾਵੇ, ਠੇਕੇਦਾਰੀ ਪ੍ਰਥਾ ਬੰਦ ਕਰਕੇ ਸਾਰੇ ਕੰਮ ਮਹਿਕਮਾਨਾ ਤੌਰ 'ਤੇ ਕਰਵਾਏ ਜਾਣ।