ਈ ਵੀ ਐੱਮ ਜ਼ਰੀਏ 'ਆਪ' ਦੇ ਵੋਟ ਅਕਾਲੀ-ਭਾਜਪਾ ਦੇ ਖਾਤੇ 'ਚ ਗਏ : ਕੇਜਰੀਵਾਲ


ਨਵੀਂ ਦਿੱਲੀ (ਨ ਜ਼ ਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਬਾਅਦ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕੀਤੀ। ਉਹਨਾ ਪੰਜਾਬ 'ਚ ਪਾਰਟੀ ਦੀ ਹਾਰ ਲਈ ਈ ਵੀ ਐੱਮ 'ਚ ਗੜਬੜੀ ਦਾ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾ ਕਿਹਾ ਕਿ ਈ ਵੀ ਐੱਮ ਜ਼ਰੀਏ 'ਆਪ' ਦੇ ਵੋਟ ਭਾਜਪਾ ਅਤੇ ਅਕਾਲੀ ਦਲ ਨੂੰ ਸਿਫਟ ਕਰ ਦਿੱਤੇ ਗਏ। ਅਕਾਲੀ ਦਲ ਨੂੰ 30 ਫੀਸਦੀ ਵੋਟ ਕਿਵੇਂ ਮਿਲ ਗਏ? ਜਦ ਕਿ ਸਭ ਮੰਨ ਰਹੇ ਸੀ ਕਿ ਮਾਲਵਾ 'ਚ ਆਪ ਨੂੰ ਵੱਡੀ ਜਿੱਤ ਮਿਲੇਗੀ, ਪਰ ਅਜਿਹਾ ਨਹੀਂ ਹੋਇਆ ਅਤੇ ਵੱਧ ਸੀਟਾਂ ਕਾਂਗਰਸ ਦੇ ਖਾਤੇ 'ਚ ਚਲੀਆਂ ਜਾਂਦੀਆਂ ਹਨ। ਇਹ ਸਮਝ ਤੋਂ ਪਰ੍ਹੇ ਹੈ। ਸਭ ਸਰਵੇਖਣਾਂ 'ਚ ਆਪ ਦੀ ਜਿੱਤ ਦੱਸੀ ਗਈ ਸੀ, ਪਰ ਪਾਰਟੀ ਹਾਰ ਗਈ। ਆਪ ਨੂੰ ਰੋਕਣ ਲਈ ਕਾਂਗਰਸ ਨੂੰ ਜਿੱਤਾ ਦਿੱਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਫੈਸਲਾ ਸਿਰ-ਮੱਥੇ ਹੈ। ਉਹ ਮੁਖੀ ਹੋਣ ਨਾਤੇ ਹਾਰ ਦੀ ਸਾਰੀ ਜ਼ਿੰਮੇਵਾਰੀ ਲੈਂਦੇ ਹਨ।
ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਜੇ ਈ ਵੀ ਐੱਮ ਅੰਦਰ ਕੋਈ ਗੜਬੜੀ ਹੋ ਸਕਦੀ ਹੈ ਤਾਂ ਫਿਰ ਚੋਣ ਕਰਾਉਣ ਦਾ ਕੀ ਫਾਇਦਾ ਹੈ। ਕਈ ਦੇਸ਼ਾਂ 'ਚ ਈ ਵੀ ਐੱਮ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜੋ ਭਾਰਤੀ ਜਨਤਾ ਪਾਰਟੀ 2014 ਤੋਂ ਪਹਿਲਾਂ ਇਸ ਦੇ ਵਿਰੋਧ 'ਚ ਖੜੀ ਸੀ, ਉਹੀ ਹੁਣ ਈ ਵੀ ਐੱਮ ਦੇ ਹੱਕ 'ਚ ਖੜੀ ਹੈ। ਉਨ੍ਹਾ ਕਿਹਾ ਕਿ ਬੂਥ ਸਮੀਖਿਆ ਕਰਨ ਤੋਂ ਬਾਅਦ ਗੜਬੜੀ ਦੀ ਸ਼ੰਕਾ ਹੋਈ।