ਇੱਕ ਬਾਲੜੀ ਦੀਆਂ ਸੁਰਾਂ ਰੋਕਣ ਲਈ ਇਕੱਠੇ ਹੋ ਗਏ 42 ਮੌਲਵੀ

ਨਵੀਂ ਦਿੱਲੀ (ਨ ਜ਼ ਸ)
ਆਪਣੀਆਂ ਸੁਰਾਂ ਨਾਲ ਦੇਸ਼ ਦੇ ਕੋਨੇ-ਕੋਨੇ ਵਿੱਚ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੀ ਨਾਹਿਦ ਆਫਰੀਨ ਵਿਰੁੱਧ 42 ਮੌਲਵੀਆਂ ਨੇ ਫਤਵਾ ਜਾਰੀ ਕੀਤਾ ਹੈ। ਆਫਰੀਨ 2015 ਵਿੱਚ ਇੰਡੀਅਨ ਆਈਡਲ ਜੂਨੀਅਰ ਦੀ ਰਨਰਅੱਪ ਰਹੀ ਸੀ। ਇਸ ਫਤਵੇ ਮੁਤਾਬਕ 25 ਮਾਰਚ ਨੂੰ ਆਸਾਮ ਦੇ ਲੰਕਾ ਇਲਾਕੇ ਦੇ ਉਦਾਲੀ ਸੋਨੇਈ ਬੀਬੀ ਕਾਲਜ ਵਿੱਚ 16 ਸਾਲ ਦੀ ਨਾਹਿਦ ਨੇ ਪ੍ਰੋਗਰਾਮ ਪੇਸ਼ ਕਰਨਾ ਹੈ, ਜਿਸ ਨੂੰ ਸ਼ਰੀਆ ਖਿਲਾਫ ਦੱਸਿਆ ਗਿਆ ਹੈ। ਨਾਹਿਦ ਵਿਰੁੱਧ ਇਹ ਫਤਵਾ ਇਸ ਲਈ ਜਾਰੀ ਕੀਤਾ ਗਿਆ ਹੈ, ਕਿਉਂਕਿ ਇਹ ਪ੍ਰੋਗਰਾਮ ਕਬਰਿਸਤਾਨ ਅਤੇ ਮਸਜਿਦ ਦੇ ਨੇੜੇ ਕਰਵਾਇਆ ਜਾ ਰਿਹਾ ਹੈ। ਆਸਾਮ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਨ ਵਾਲੀ ਆਫਰੀਨ ਵਿਰੁੱਧ 42 ਮੌਲਵੀਆਂ ਨੇ ਫਤਵਾ ਇਸ ਲਈ ਵੀ ਜਾਰੀ ਕੀਤਾ ਹੈ, ਕਿਉਂਕਿ ਇਸ ਲੜਕੀ ਨੇ ਆਈ ਐੱਸ ਵਿਰੁੱਧ ਗਾਨਾ ਗਾਇਆ ਸੀ। ਨਾਹਿਦ ਨੇ ਮੌਲਵੀਆਂ ਦੇ ਫਤਵੇ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦੀ ਆਵਾਜ਼ ਖੁਦਾ ਦਾ ਤੌਹਫਾ ਹੈ, ਜਿਸ ਦੀ ਸਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਹਨਾ ਫਤਵਾ ਜਾਰੀ ਹੋਣ ਤੋਂ ਬਾਅਦ ਕਿਹਾ ਕਿ ਉਹ ਇਸ ਫਤਵੇ ਤੋਂ ਕਾਫੀ ਹੈਰਾਨ ਹੋਈ ਹੈ ਅਤੇ ਉਸ ਨਾਲ ਉਹ ਅੰਦਰੋਂ ਟੁੱਟ ਚੁੱਕੀ ਹੈ, ਪਰ ਕਈ ਮੁਸਲਮਾਨ ਗਾਇਕਾਂ ਨੇ ਉਹਨਾ ਨੂੰ ਪ੍ਰੇਰਨਾ ਦਿੱਤੀ ਹੈ। ਆਫਰੀਨ ਨੇ ਕਿਹਾ ਕਿ ਉਹ ਧਮਕੀਆਂ ਤੋਂ ਡਰ ਕੇ ਆਪਣਾ ਗਾਉਣਾ ਬੰਦ ਨਹੀਂ ਕਰੇਗੀ। ਏ ਡੀ ਜੀ ਪੀ ਪਲੱਬ ਭੱਟਾਚਾਰੀਆ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਨਾਹਿਦ ਅਤੇ ਉਸ ਦੇ ਪਰਵਾਰ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।