Latest News

ਪ੍ਰਸ਼ਾਦ ਖਾਣ ਨਾਲ ਡੇਢ ਸਾਲਾ ਬੱਚੇ ਦੀ ਮੌਤ

Published on 16 Mar, 2017 11:56 AM.


ਅੰਮ੍ਰਿਤਸਰ (ਸਤਨਾਮ ਸਿੰਘ ਜੋਧਾ)
ਬਟਾਲਾ ਦੇ ਮਹੱਲਾ ਗੁਰੂ ਨਾਨਕ ਨਗਰ ਵਿਖੇ ਸਥਿਤ ਗੁਰਦੁਆਰਾ ਤੇਗ ਬਹਾਦੁਰ ਨਗਰ ਤੋਂ ਪ੍ਰਸ਼ਾਦ ਲੈ ਕੇ ਖਾਣ ਨਾਲ ਅੱਜ ਸਵੇਰ ਇੱਕ ਡੇਢ ਸਾਲ ਬੱਚੇ ਬਲਜੀਤ ਸਿੰਘ ਪੁੱਤਰ ਜੱਸਾ ਸਿੰਘ ਦੀ ਮੌਕੇ 'ਤੇ ਮੌਤ ਗਈ ਅਤੇ ਦੋ ਦਰਜਨ ਦੇ ਕਰੀਬ ਬੱਚਿਆਂ ਦੇ ਬਿਮਾਰ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ।
ਬੱਚਿਆਂ ਦੇ ਬਿਮਾਰ ਹੋਣ ਦੀ ਖਬਰ ਫੈਲਦਿਆਂ ਸਾਰ ਹੀ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ। ਸੂਚਨਾ ਮਿਲਦੇ ਸਾਰ ਹੀ ਡੀ ਸੀ. ਗੁਰਦਾਸਪੁਰ ਪਰਦੀਪ ਸਭਰਵਾਲ, ਐੱਸ ਐੱਮ ਓ ਬਟਾਲਾ ਸੰਜੀਵ ਭੱਲਾ, ਐੱਸ ਪੀ ਬਲਜੀਤ ਸਿੰਘ ਤੇ ਡੀ ਐੱਸ ਪੀ ਜਗਰਾਜ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਰਮਜੀਤ ਸਿੰਘ ਨੂੰ ਪੁੱਛ-ਗਿੱਛ ਵਾਸਤੇ ਹਿਰਾਸਤ ਵਿੱਚ ਲੈ ਲਿਆ ਹੈ। ਡੀ ਸੀ ਨੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਦਾਖਲ ਬੱਚਿਆਂ ਦੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਅਤੇ ਬਿਮਾਰ ਬੱਚਿਆਂ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਦੇਵੇਗੀ।
ਜਾਂਚ ਅਧਿਕਾਰੀ ਦਿਲਬਾਗ ਨੇ ਦੱਸਿਆ ਕਿ ਅਸੀਂ ਸਥਾਨਕ ਲੋਕਾਂ ਅਤੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਕੁਲਵੰਤ ਸਿੰਘ ਤੋਂ ਕੀਤੀ ਪੁੱਛਗਿੱਛ ਕੀਤੀ ਹੈ, ਜਿਸ ਦੌਰਾਨ ਦਿੱਤੇ ਬਿਆਨਾਂ 'ਚ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਪ੍ਰਸ਼ਾਦ ਕਿਸੇ ਦੇ ਘਰ ਵਿੱਚ ਕੋਈ ਸਮਾਗਮ ਸੀ, ਜਿੱਥੋਂ ਲਿਆਂਦਾ ਗਿਆ ਅਤੇ ਪ੍ਰਸ਼ਾਦ ਕਿਸੇ ਦੇ ਘਰੋਂ ਬਣ ਕੇ ਆਇਆ ਸੀ, ਪਰ ਅਸੀ ਅੱਗੇ ਤੋਂ ਕਿਸੇ ਦੇ ਘਰੋਂ ਬਣ ਕੇ ਆਏ ਪ੍ਰਸ਼ਾਦ ਨੂੰ ਸੰਗਤ ਵਿੱਚ ਨਹੀ ਵਰਤਾਵਾਂਗੇ। ਪੁਲਸ ਅਫਸਰਾਂ ਨੇ ਦੱਸਿਆ ਕਿ ਮ੍ਰਿਤਕ ਬੱਚੇ ਬਲਜੀਤ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਨੂੰ ਜ਼ੇਰੇ ਇਲਾਜ ਸਥਾਨਕ ਹਸਪਤਾਲਾਂ ਵਿੱਚ ਦਾਖਲ ਉਨਾਂ ਦੀ ਸ਼ਨਾਖਤ ਰਣਜੀਤ ਪੁੱਤਰ ਅਮਨ, ਜਸਲੀਨ ਕੌਰ, ਜਗਜੀਤ, ਰੋਜ਼ੀ ਪੁੱਤਰ ਪਰੇਮ, ਪਵਨਪ੍ਰੀਤ ਕੌਰ ਪੁੱਤਰੀ ਗੁਰਮੁੱਖ ਸਿੰਘ, ਸੁਰੇਸ਼ ਪੁੱਤਰੀ ਰਣਜੀਤ, ਬਲਵਿੰਦਰ ਕੌਰ, ਜਸਪ੍ਰੀਤ ਕੌਰ, ਅਸ਼ੀਸ ਪੁੱਤਰ ਸੁਰਜੀਤ, ਸਰਬ, ਜੋਤਮਿੰਦਰ, ਅਸੀਸ਼ ਪੁੱਤਰ ਰਾਮ, ਆਨੰਤ ਪੁੱਤਰ ਹਰਜੀਤ, ਹਰਦੀਪ ਪੁੱਤਰ ਕਵਲਜੀਤ, ਰੋਹਿਤ ਪੁੱਤਰ ਹਰਜੀਤ, ਗੋਲਡੀ ਪੁੱਤਰ ਸ਼ੇਰ ਸਿੰਘ, ਕੋਮਲ ਪੁੱਤਰ ਸ਼ੇਰ ਸਿੰਘ, ਸੌਰਵ, ਦਲਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਵਜੋਂ ਸਾਹਮਣੇ ਆਈ ਹੈ। ਖਬਰ ਲਿਖੇ ਜਾਣ ਤੱਕ ਜਿਸ ਪ੍ਰਸ਼ਾਦ ਖਾਣ ਨਾਲ ਬੱਚੇ ਦਾ ਜਾਨੀ ਨੁਕਸਾਨ ਹੋਇਆ ਅਤੇ ਦਰਜਨ ਦੇ ਕਰੀਬ ਬਿਮਾਰ ਹੋਏ ਹਨ, ਉਸ ਪ੍ਰਸ਼ਾਦ ਦਾ ਭੇਦ ਅਜੇ ਵੀ ਬਰਕਰਾਰ ਸੀ। ਮ੍ਰਿਤਕ ਬੱਚੇ ਦੇ ਪਰਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਬਲਜੀਤ ਅਤੇ ਉਸ ਦੀ ਮਾਂ ਗੁਰਜੀਤ ਕੌਰ ਗੁਰਦੁਆਰਾ ਸਾਹਿਬ ਗਈ ਤਾਂ ਉਥੋਂ ਮਿਲੇ ਪ੍ਰਸ਼ਾਦ ਦਾ ਸੇਵਨ ਕਰਨ ਤੋਂ ਬਾਅਦ ਦੇਰ ਰਾਤ ਮਾਂ ਅਤੇ ਬੱਚੇ ਦੀ ਸਿਹਤ ਖਰਾਬ ਹੋ ਗਈ ਸੀ ਤੇ ਅੱਜ ਸਵੇਰੇ ਬਲਜੀਤ ਦੀ ਮੌਤ ਹੋ ਗਈ। ਬਾਕੀ ਬੱਚੇ ਵੱਖ-ਵੱਖ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਹਨ। ਪੁਲਸ ਥਾਣਾ ਸਿਵਲ ਲਾਈਨ ਦੇ ਐੱਸ ਐੱਚ ਓ ਯੁੱਧਵੀਰ ਸਿੰਘ ਨੇ ਦੱਸਿਆ ਕਿ ਹਰ ਪੱਖੋਂ ਮਾਮਲੇ ਦੀ ਪੜਤਾਲ ਕਰ ਰਹੇ ਹਾਂ, ਜੋ ਵੀ ਕਸੂਰਵਾਰ ਹੋਇਆ, ਬਖਸ਼ਿਆ ਨਹੀਂ ਜਾਵੇਗਾ।

276 Views

e-Paper