ਅਰੂਸਾ ਆਲਮ ਸਮਾਗਮ 'ਚ ਕੇਂਦਰ ਬਿੰਦੂ ਬਣੀ ਰਹੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕ ਸਮਾਗਮ ਨਾਲ ਜੁੜੀਆਂ ਅਜਿਹੀਆਂ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ, ਜੋ ਕਿ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਪੂਰਥਲਾ ਹਲਕੇ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ 'ਚ ਸਹੁੰ ਚੁੱਕੀ, ਜਦਕਿ ਬਾਕੀ ਮੰਤਰੀਆਂ ਨੇ ਪੰਜਾਬੀ 'ਚ ਸਹੁੰ ਚੁੱਕੀ। ਸਮਾਗਮ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾ ਆਉਣਾ, ਕੈਪਟਨ ਦੀ ਪਾਕਿਸਤਾਨੀ ਦੋਸਤ ਆਰੂਸਾ ਆਲਮ ਅਤੇ ਨਵਜੋਤ ਸਿੱਧੂ ਦੀ ਨਰਾਜ਼ਗੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਰਹੀ। ਮੁੱਖ ਮੰਤਰੀ ਬਾਦਲ ਵੱਲੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ, ਇਸ ਕਰਕੇ ਉਹ ਸਹੁੰ ਚੁੱਕ ਸਮਾਗਮ ਨਹੀਂ ਪਹੁੰਚ ਸਕੇ, ਹਾਲਾਂਕਿ ਅਸਲੀਅਤ ਇਹ ਹੈ ਕਿ ਇਸ ਤੋਂ ਜਦੋਂ ਲਗਾਤਾਰ ਦੋ ਵਾਰੀ 2007 ਅਤੇ 2012 'ਚ ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਮੁੱਖ ਮੰਤਰੀ ਸਹੁੰ ਚੁੱਕੀ ਸੀ, ਉਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੀ ਨਦਾਰਦ ਰਹੇ ਸਨ।
ਕਾਂਗਰਸੀ ਆਗੂਆਂ ਨੇ ਦਸਿਆ ਕਿ ਪ੍ਰੋਟੋਕਾਲ ਮੁਤਾਬਕ ਬਾਦਲ ਨੂੰ ਸੱਦਾ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੂੰ ਸਮਾਗਮ 'ਚ ਸ਼ਿਰਕਤ ਕਰਨੀ ਚਾਹੀਦੀ ਸੀ। ਸਮਾਗਮ ਦੌਰਾਨ ਅਰੂਸਾ ਆਲਮ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ ਰਹੀ, ਜਦਕਿ ਨਵਜੋਤ ਸਿੱਧੂ ਸਮਾਗਮ 'ਚ ਉਖੜੇ-ਉਖੜੇ ਨਜ਼ਰ ਆਏ।