ਪੰਜਾਬ ਕੈਬਨਿਟ ਦੀ ਪਲੇਠੀ ਮੀਟਿੰਗ ਅੱਜ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੈਪਟਨ ਅਮਰਿੰਦਰ ਸਿੰਘ ਦੀ ਪਲੇਠੀ ਕੈਬਨਿਟ ਮੀਟਿੰਗ ਵਿੱਚ ਕਿਸਾਨਾਂ ਦੇ ਕਰਜ਼ੇ ਸੰਬੰਧੀ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ। ਕੈਬਨਿਟ ਦੀ ਮੀਟਿੰਗ ਸ਼ਨੀਵਾਰ 12 ਵਜੇ ਹੋਣੀ ਹੈ। ਸੂਤਰਾਂ ਅਨੁਸਾਰ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ ਦੇ ਖੇਤੀਬਾੜੀ ਕਰਜ਼ੇ ਨੂੰ ਮੁਆਫ਼ ਕਰਨ ਸੰਬੰਧੀ ਮਾਹਿਰਾਂ ਦੀ ਕਮੇਟੀ ਦੇ ਗਠਨ ਨੂੰ ਲੈ ਕੇ ਫ਼ੈਸਲਾ ਹੋ ਸਕਦਾ ਹੈ।ਪੰਜਾਬ ਦੇ ਕਿਸਾਨਾਂ ਉੱਤੇ ਖੇਤੀਬਾੜੀ ਕਰਜ਼ਾ ਕਰੀਬ 35,000 ਕਰੋੜ ਦਾ ਹੈ। ਇਸ ਦੇ ਨਾਲ ਹੀ ਕੈਬਨਿਟ ਮੀਟਿੰਗ ਵਿੱਚ ਸੂਬੇ ਦੀ ਵਿੱਤੀ ਹਾਲਤ, ਜੋ ਕਾਂਗਰਸ ਸਰਕਾਰ ਨੂੰ ਅਕਾਲੀ-ਬੀਜੇਪੀ ਸਰਕਾਰ ਕੋਲੋਂ ਮਿਲੀ ਹੈ, ਬਾਰੇ ਵ੍ਹਾਈਟ ਪੇਪਰ ਤਿਆਰ ਕਰਨ ਸੰਬੰਧੀ ਵੀ ਫ਼ੈਸਲਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਪਿਛਲੀ ਸਰਕਾਰ ਦੇ ਤਿੰਨ ਸਾਲਾਂ ਦੇ ਖ਼ਰਚੇ ਨੂੰ ਵੀ ਮੁਲਾਂਕਨ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਅਕਾਲੀ-ਬੀਜੇਪੀ ਸਰਕਾਰ ਨੇ ਬਿਨਾਂ ਮਨਜ਼ੂਰੀ ਦੇ ਬਹੁਤ ਸਾਰਾ ਖਰਚਾ ਕੀਤਾ ਹੈ। ਇਸ ਦੇ ਨਾਲ ਹੀ ਕੈਬਨਿਟ ਬਿਜਲੀ ਸਪਲਾਈ ਦਾ ਕਿਸੇ ਤੀਜੀ ਧਿਰ ਵੱਲੋਂ ਆਡਿਟ ਕਰਵਾਉਣ ਦਾ ਫ਼ੈਸਲਾ ਵੀ ਲੈ ਸਕਦੀ ਹੈ। ਕੈਪਟਨ ਸਰਕਾਰ ਨੂੰ ਯਕੀਨ ਹੈ ਕਿ ਬਿਜਲੀ ਵਿਭਾਗ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਹਨ। ਕੈਬਨਿਟ ਵਿੱਚ 150 ਸੂਤਰੀ ਏਜੰਡੇ ਉੱਤੇ ਵਿਚਾਰ ਵਟਾਂਦਰਾ ਹੋ ਸਕਦਾ ਹੈ, ਜਿਸ ਵਿੱਚ ਪ੍ਰਮੁੱਖ ਹੈ ਸੂਬੇ ਵਿੱਚ ਆਰਥਿਕ ਸੁਧਾਰ ਕਰਨਾ।