ਕਾਰ ਰੇਸਰ ਸੁੰਦਰ ਤੇ ਪਤਨੀ ਦੀ ਸੜਕ ਹਾਦਸੇ 'ਚ ਮੌਤ


ਚੇਨਈ (ਨਵਾਂ ਜ਼ਮਾਨਾ ਸਰਵਿਸ)-ਪ੍ਰੋਫੈਸ਼ਨਲ ਕਾਰ ਰੇਸਰ ਅਸ਼ਵਿਨ ਸੁੰਦਰ ਅਤੇ ਉਨ੍ਹਾ ਦੀ ਪਤਨੀ ਨਿਵੇਦਿਤਾ ਦੀ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ। ਹਾਦਸਾ ਉਨ੍ਹਾਂ ਦੀ ਬੀ ਐੱਮ ਡਬਲਯੂ ਕਾਰ ਦੇ ਚੇਨਈ ਦੀ ਸੈਂਥਮ ਰੋਡ 'ਤੇ ਇੱਕ ਦਰੱਖਤ ਨਾਲ ਟਕਰਾ ਜਾਣ ਕਰਕੇ ਵਾਪਰਿਆ।
ਪੁਲਸ ਨੇ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੰਦਰ ਅਤੇ ਉਨ੍ਹਾ ਦੀ ਪਤਨੀ ਕਾਰ 'ਚ ਫਸ ਗਏ ਅਤੇ ਕਾਰ ਦੇ ਦਰਵਾਜ਼ੇ ਨਾ ਖੁੱਲ੍ਹ ਸਕੇ। ਕਾਰ ਕੰਧ ਅਤੇ ਦਰੱਖਤ ਵਿਚਕਾਰ ਫਸ ਗਈ, ਜਿਸ ਕਰਕੇ ਕਾਰ ਨੂੰ ਅੱਗ ਲੱਗ ਗਈ ਅਤੇ ਸੁੰਦਰ ਜੋੜੇ ਦੀ ਅੱਗ 'ਚ ਸੜ ਜਾਣ ਕਾਰਨ ਮੌਤ ਹੋ ਗਈ। ਹਾਦਸੇ ਵੇਲੇ ਸੁੰਦਰ ਕਾਰ ਚਲਾ ਰਹੇ ਸਨ।
ਜ਼ਿਕਰਯੋਗ ਹੈ ਕਿ ਸੁੰਦਰ ਦੀ ਪਤਨੀ ਨਿਵੇਦਤਾ ਇੱਕ ਡਾਕਟਰ ਸੀ ਅਤੇ ਇੱਕ ਸਰਕਾਰੀ ਹਸਪਤਾਲ 'ਚ ਕੰਮ ਕਰਦੀ ਸੀ। ਉਥੋਂ ਲੰਘ ਰਹੇ ਲੋਕਾਂ ਨੇ ਕਾਰ ਨੂੰ ਅੱਗ ਲੱਗੀ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ 'ਤੇ ਪੁੱਜ ਗਈ ਅਤੇ ਅੱਗ 'ਤੇ ਅੱਧੇ ਘੰਟੇ 'ਚ ਕਾਬੂ ਪਾ ਲਿਆ ਗਿਆ।
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਇੰਸਪੈਕਟਰ ਵਿਨੀਤਾ ਅਤੇ ਉਨ੍ਹਾ ਦੀ ਟੀਮ ਨੇ ਦਰਵਾਜ਼ੇ ਤੋੜ ਕੇ ਜੋੜੇ ਦੀਆਂ ਲਾਸ਼ਾਂ ਬਾਹਰ ਕੱਢੀਆਂ। ਲਾਸ਼ਾਂ ਨੂੰ ਪੋਸਟ-ਮਾਰਟਮ ਲਈ ਹਸਪਤਾਲ ਭੇਜਿਆ ਗਿਆ। ਲਾਸ਼ਾਂ ਏਨੀ ਬੁਰੀ ਤਰ੍ਹਾਂ ਸੜ ਗਈਆਂ ਸਨ ਕਿ ਪਹਿਲਾਂ ਉਨ੍ਹਾਂ ਦੀ ਪਛਾਣ ਕੀਤੀ ਗਈ। ਜਾਂਚ 'ਚ ਪਤਾ ਚਲਿਆ ਕਿ ਦੋਵੇਂ ਐੱਮ ਆਰ ਸੀ ਨਗਰ 'ਚ ਆਪਣੇ ਇੱਕ ਦੋਸਤ ਨੂੰ ਮਿਲਣ ਗਏ ਸਨ, ਪਰ ਵਾਪਸੀ ਮੌਕੇ ਹਾਦਸਾ ਵਾਪਰ ਗਿਆ।