ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ


ਜਲੰਧਰ (ਰਾਜੇਸ਼ ਥਾਪਾ)
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਬਾਨੀ ਅਤੇ ਕਿਰਤੀ ਜਮਾਤ ਦੇ ਮਹਾਨ ਆਗੂ ਕਾਮਰੇਡ ਜਸਵੰਤ ਸਿੰਘ ਸਮਰਾ ਦੀ 13ਵੀਂ ਬਰਸੀ ਜਸਵੰਤ ਸਿੰਘ ਸਮਰਾ ਹਾਲ ਦੇ ਵਿਹੜੇ (ਨੇੜੇ ਬੱਸ ਸਟੈਂਡ) ਵਿਖੇ ਮਨਾਈ ਗਈ। ਬਰਸੀ ਸਮਾਗਮ ਵਿੱਚ 'ਨਵਾਂ ਜ਼ਮਾਨਾ' ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਝੰਡਾ ਝੁਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾ ਨਾਲ ਕਾਮਰੇਡ ਗੁਰਦੀਪ ਸਿੰਘ ਮੋਤੀ, ਜਗਦੀਸ਼ ਸਿੰਘ ਚਾਹਲ, ਟਰੱਸਟੀ ਕਾਮਰੇਡ ਗੁਰਮੀਤ, ਅਵਤਾਰ ਸਿੰਘ ਤਾਰੀ ਤੇ ਐਡਵੋਕੇਟ ਰਾਜਿੰਦਰ ਮੰਡ ਹਾਜ਼ਰ ਸਨ।
ਇਸ ਮੌਕੇ ਸ੍ਰੀ ਜਤਿੰਦਰ ਪਨੂੰ ਸੰਪਾਦਕ 'ਨਵਾਂ ਜ਼ਮਾਨਾ' ਨੇ ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਯਾਦ ਕਰਦਿਆਂ ਉਨ੍ਹਾ ਵੱਲੋਂ ਕਿਰਤੀ ਜਮਾਤ ਦੀ ਬਿਹਤਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਥੀ ਸਮਰਾ ਦਾ ਪੈਨਸ਼ਨ, ਗਰੈਚੁਟੀ, ਲੀਵ ਇਨ ਕੈਸ਼ਮੈਂਟ ਅਤੇ ਮੌਤ ਹੋਏ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਆਦਿ ਦੇ ਲਈ ਵੱਡਮੁੱਲਾ ਯੋਗਦਾਨ ਸੀ। ਸ੍ਰੀ ਪਨੂੰ ਨੇ ਜਥੇਬੰਦੀ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਜਥੇਬੰਦੀ ਆਪਣੇ ਵਿੱਛੜ ਚੁੱਕੇ ਆਗੂਆਂ ਨੂੰ ਹਰ ਸਾਲ ਬਕਾਇਦਾ ਯਾਦ ਵੀ ਕਰਦੀ ਹੈ ਅਤੇ ਆਪਣੇ ਮਹਾਨ ਆਗੂਆਂ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲਣ ਦੀ ਕੋਸ਼ਿਸ਼ ਵੀ ਕਰਦੀ ਹੈ।
ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਗਰੂਪ ਮੁੱਖ ਸਲਾਹਕਾਰ ਰੋਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ ਅਤੇ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ ਨੇ ਕਿਹਾ ਕਿ ਸਾਥੀ ਸਮਰਾ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਉਨ੍ਹਾ ਵੱਲੋਂ ਪਬਲਿਕ ਅਦਾਰਿਆਂ ਦੀ ਸਾਜਨਾ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਇਹਨਾਂ ਅਦਾਰਿਆਂ ਦੀ ਰਾਖੀ ਲਈ ਜ਼ੋਰਦਾਰ ਸੰਘਰਸ਼ ਕੀਤੇ ਜਾਣ। ਉਨ੍ਹਾ ਪੰਜਾਬ ਵਿੱਚ ਨਵੀਂ ਬਣੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਆਊਟਸੋਰਸ ਅਤੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਪਰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਉਪਰ ਹੱਲ ਕਰਕੇ ਮੁਲਾਜ਼ਮਾਂ ਵਿੱਚ ਪਾਈ ਜਾ ਰਹੀ ਬੇਚੈਨੀ ਸਰਕਾਰ ਜਲਦੀ ਦੂਰ ਕਰੇ।
ਇਸ ਮੌਕੇ ਭੁਪਿੰਦਰ ਸਾਂਬਰ ਐਕਟਿੰਗ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਤੇ ਸਾਨੂੰ ਇਨ੍ਹਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ ਤੇ ਆਉਣ ਵਾਲੇ ਸਮੇਂ 'ਚ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ।
ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਨੇ ਕਾਮਰੇਡ ਸਮਰਾ ਨੂੰ ਚੇਤੇ ਕਰਦਿਆਂ ਕਿਹਾ ਕਿ ਮੈਨੂੰ ਉਨ੍ਹਾ ਨਾਲ 1962-63 ਤੋਂ ਉਨ੍ਹਾ ਦੇ ਆਖਰੀ ਵੇਲੇ ਤੱਕ ਮਿਲਣ ਦਾ ਮੌਕਾ ਮਿਲਿਆ ਤੇ ਯੂਨੀਅਨ ਵਿੱਚ ਕੰਮ ਕਰਨ ਦੇ ਤਰੀਕੇ ਉਨ੍ਹਾ ਤੋਂ ਗ੍ਰਹਿਣ ਕੀਤੇ। ਉਨ੍ਹਾ ਕਾਮਰੇਡ ਆਨੰਦ ਤੇ ਅੱਤਵਾਦ ਸਮੇਂ ਰੋਡਵੇਜ਼ ਆਗੂਆਂ ਦਾ ਜ਼ਿਕਰ ਕਰਦਿਆਂ ਹਾਜ਼ਰੀਨ ਨੂੰ 'ਨਵਾਂ ਜ਼ਮਾਨਾ' ਦੀ ਇਸ਼ਾਇਤ ਵਧਾਉਣ ਤੇ ਮਾਲੀ ਮਦਦ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਅਦਾਰਾ ਭਵਿੱਖ 'ਚ ਵੀ ਕਿਰਤੀਆਂ ਦੀ ਅਵਾਜ਼ ਬਣਿਆ ਰਹੇਗਾ।
ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਆਗੂ ਕਾਮਰੇਡ ਅੰਮ੍ਰਿਤ ਲਾਲ ਨੇ ਕਾਮਰੇਡ ਸਮਰਾ ਨਾਲ ਜੁੜੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਿਸ ਮੁਕਾਮ 'ਤੇ ਮੈਂ ਅੱਜ ਹਾਂ, ਉਹ ਕਾਮਰੇਡ ਸਮਰਾ ਦੀ ਬਦੌਲਤ ਹਾਂ। ਜਥੇਬੰਦੀ ਦੇ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮੋਤੀ ਅਤੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਟ੍ਰਾਂਸਪੋਰਟ ਸੰਬੰਧੀ ਦਿੱਤੇ ਫ਼ੈਸਲੇ ਨੂੰ ਸਖ਼ਤੀ ਨਾਲ ਇੰਨ-ਬਿੰਨ ਲਾਗੂ ਕਰੇ। ਪਿਛਲੇ ਸਮੇਂ ਵਿੱਚ ਅਕਾਲੀ-ਬੀ ਜੇ ਪੀ ਸਰਕਾਰ ਵੱਲੋਂ ਮਹਿਕਮੇ ਅੰਦਰ ਫੈਲਾਏ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਅਫ਼ਸਰਸ਼ਾਹੀ ਨੂੰ ਨੱਥ ਪਾਈ ਜਾਵੇ।
ਸਾਥੀਆਂ ਨੇ ਮੰਗ ਕੀਤੀ ਕਿ ਪਿਛਲੀ ਸਰਕਾਰ ਸਮੇਂ ਜਿਨ੍ਹਾਂ ਅਫ਼ਸਰਾਂ ਨੇ ਸਰਕਾਰੀ ਟਰਾਂਸਪੋਰਟ ਨੂੰ ਵੱਡੇ ਪੱਧਰ 'ਤੇ ਚੂਨਾ ਲਗਾ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਅਤੇ ਆਪਣੇ ਘਰ ਭਰੇ ਹਨ, ਉਨ੍ਹਾਂ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਅਫ਼ਸਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਬਰਸੀ ਸਮਾਗਮ ਨੂੰ ਕਾਮਰੇਡ ਮਹਿੰਦਰ ਸਿੰਘ ਐੱਨ ਆਰ ਆਈ, ਲਹਿੰਬਰ ਸਿੰਘ ਐੱਨ ਆਰ ਆਈ ਬੜਾ ਪਿੰਡ, ਜਗਤਾਰ ਸਿੰਘ ਭੂੰਗਰਨੀ ਸੀਨੀਅਰ ਮੀਤ ਪ੍ਰਧਾਨ ਪੈਨਸ਼ਨਰਜ਼ ਯੂਨੀਅਨ (ਪੰਜਾਬ), ਵਿਜੇ ਕੁਮਾਰ ਜਨਰਲ ਸਕੱਤਰ ਜਲੰਧਰ, ਗੁਰਦੇਵ ਸਿੰਘ ਸੀਨੀਅਰ ਵਾਈਸ ਪ੍ਰਧਾਨ ਪੰ. ਗੌ. ਟਰਾਂਸਪੋਰਟ ਵਰਕਰਜ਼ ਯੂਨੀਅਨ, ਸਵਰਨ ਸਿੰਘ ਅਕਲਪੁਰੀ ਚੇਅਰਮੈਨ ਕੰਟਰੋਲ ਕਮਿਸ਼ਨ, ਦਿਲਬਾਗ ਸਿੰਘ ਅਟਵਾਲ ਸਕੱਤਰ ਸੀ ਪੀ ਆਈ ਜਲੰਧਰ, ਰਣਜੀਤ ਸਿੰਘ ਐੱਮ ਈ ਐੱਸ ਤੇ ਕ੍ਰਿਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਰੋਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਨਾਟਕ ਅਤੇ ਕੋਰੀਓਗ੍ਰਾਫ਼ੀਆਂ ਪੇਸ਼ ਕੀਤੀਆਂ ਗਈਆਂ।
ਸਮਾਗਮ ਵਿੱਚ ਮੁੱਖ ਤੌਰ 'ਤੇ ਕੁਲਦੀਪ ਸਿੰਘ ਹੁਸ਼ਿਆਰਪੁਰ, ਗੁਰਦੇਵ ਸਿੰਘ, ਅਵਤਾਰ ਸਿੰਘ ਤਾਰੀ, ਅਵਤਾਰ ਸਿੰਘ ਗਗੜਾ, ਗੁਰਮੇਲ ਸਿੰਘ ਮੈਡਲੇ, ਪੋਹਲਾ ਸਿੰਘ ਬਰਾੜ, ਦਿਲਬਾਗ ਸਿੰਘ, ਪ੍ਰਦੀਪ ਕੁਮਾਰ, ਹਰਿੰਦਰ ਸਿੰਘ ਚੀਮਾ, ਜਗੀਰ ਸਿੰਘ ਤੋਂ ਇਲਾਵਾ ਸਾਰੇ ਹੀ ਡਿਪੂਆਂ ਦੀ ਲੀਡਰਸ਼ਿਪ, ਵਰਕਰ, ਭਰਾਤਰੀ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜ਼ਰ ਹੋਵੇ।