ਪਾਕਿਸਤਾਨ ਕਰੇਗਾ ਸ਼ਹੀਦ ਭਗਤ ਸਿੰਘ ਨੂੰ ਯਾਦ


ਚੰਡੀਗੜ੍ਹ
(ਨਵਾਂ ਜ਼ਮਾਨਾ ਸਰਵਿਸ)
ਸ਼ਹੀਦ ਭਗਤ ਸਿੰਘ ਨੂੰ ਚਾਹੁਣ ਵਾਲਿਆਂ ਲਈ ਪਾਕਿਸਤਾਨ ਤੋਂ ਇੱਕ ਖੁਸ਼ੀ ਭਰੀ ਖਬਰ ਆਈ ਹੈ।ਪਹਿਲੀ ਵਾਰ ਪਾਕਿਸਤਾਨ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਲਾਇਲਪੁਰ 'ਚ ਸ਼ਰਧਾਂਜਲੀ ਦਿੱਤੀ ਜਾਵੇਗੀ।
ਤਿੰਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਮੇਲੇ 'ਚ ਪਾਕਿਸਤਾਨੀ ਕਲਾਕਾਰ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਗੀਤਾਂ ਨੂੰ ਪੇਸ਼ ਕਰਨ ਤੋਂ ਇਲਾਵਾ ਨਾਟਕ ਦਾ ਵੀ ਮੰਚਨ ਕਰਨਗੇ। ਇਹ ਜਾਣਕਾਰੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਦੇ ਅਹੁਦੇਦਾਰ ਐਡਵੋਕੇਟ ਅਬਦੁਲ ਰਹਿਮਾਨ ਕੁਰੈਸ਼ੀ ਨੇ ਸੋਮਵਾਰ ਨੂੰ ਦਿੱਤੀ।
ਜ਼ਿਕਰਯੋਗ ਹੈ ਕਿ ਇਹ ਸ਼ਹੀਦੀ ਮੇਲਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਦੇ ਬੈਨਰ ਹੇਠ ਅਬਦੁਲ ਰਹਿਮਾਨ ਕੁਰੈਸ਼ੀ ਦੀਆਂ ਕੋਸ਼ਿਸ਼ਾਂ ਨਾਲ ਹੀ ਪਾਕਿਸਤਾਨ 'ਚ ਪਹਿਲੀ ਵਾਰ ਕਰਵਾਇਆ ਜਾ ਰਿਹਾ ਹੈ। ਇਹ ਫਾਊਂਡੇਸ਼ਨ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਤੇ ਨਿਰਦੋਸ਼ ਸਾਬਤ ਕਰਨ ਲਈ ਅਦਾਲਤ 'ਚ ਕੇਸ ਵੀ ਲੜ ਰਹੀ ਹੈ।