ਭਾਜਪਾ ਦੀ ਅੱਖ ਹੁਣ ਰਾਸ਼ਟਰਪਤੀ ਚੋਣ 'ਤੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਗੋਆ ਅਤੇ ਉੱਤਰ ਪ੍ਰਦੇਸ਼ 'ਚ ਭਾਜਪਾ ਨੇ ਆਪਣੀਆਂ ਸਰਕਾਰਾਂ ਬਣਾ ਲਈਆਂ ਹਨ, ਦੋਹਾਂ ਰਾਜਾਂ ਦੇ ਮੁੱਖ ਮੰਤਰੀ ਅਤੇ ਯੂ ਪੀ ਦੇ ਉਪ ਮੁੱਖ ਮੰਤਰੀ ਸੰਸਦ ਦੇ ਮੈਂਬਰ ਹਨ ਅਤੇ ਸੂਬੇ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਉਨ੍ਹਾਂ ਨੂੰ ਸੰਸਦ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਪਵੇਗਾ, ਪਰ 6 ਮਹੀਨਿਆਂ ਅੰਦਰ ਰਾਸ਼ਟਰਪਤੀ ਚੋਣ ਹੋਣ ਵਾਲੀ ਹੈ, ਕਿਉਂਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ ਜੁਲਾਈ ਮਹੀਨੇ ਖਤਮ ਹੋ ਰਿਹਾ ਹੈ ਅਤੇ ਰਾਸ਼ਟਰਪਤੀ ਚੋਣ ਲਈ ਨੋਟੀਫਿਕੇਸ਼ਨ ਜੂਨ ਮਹੀਨੇ ਜਾਰੀ ਕੀਤਾ ਜਾ ਸਕਦਾ ਹੈ। ਰਾਸ਼ਟਰਪਤੀ ਅਹੁਦੇ ਦੀ ਮਰਿਆਦਾ ਅਤੇ ਅਹਿਮੀਅਤ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਨੇ ਨਵੀਂ ਰਣਨੀਤੀ ਬਣਾਈ ਹੈ, ਜਿਸ ਤਹਿਤ ਯੋਗੀ ਅਦਿੱਤਿਆਨਾਥ, ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਮਨੋਹਰ ਪਰਿੱਕਰ ਜੁਲਾਈ ਤੱਕ ਸੰਸਦ ਦੀ ਮੈਂਬਰੀ ਤੋਂ ਅਸਤੀਫਾ ਨਹੀਂ ਦੇਣਗੇ ਹਾਲਾਂਕਿ ਯੂ ਪੀ ਦੇ ਦੂਜੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਲਖਨਊ ਦੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ।
ਨਿਯਮ ਅਨੁਸਾਰ ਤਿੰਨੇ ਆਗੂਆਂ ਨੂੰ 6 ਮਹੀਨਿਆਂ ਅੰਦਰ ਵਿਧਾਨ ਸਭਾ ਚੋਣ ਜਿੱਤਣੀ ਹੋਵੇਗੀ ਅਤੇ 6 ਮਹੀਨੇ ਦਾ ਇਹ ਸਮਾਂ ਸਤੰਬਰ 'ਚ ਪੂਰਾ ਹੁੰਦਾ ਹੈ, ਜਦ ਕਿ ਰਾਸ਼ਟਰਪਤੀ ਚੋਣ ਜੁਲਾਈ 'ਚ ਹੋਵੇਗੀ।