ਰਾਮ ਮੰਦਰ 'ਤੇ ਗੱਲ ਨਾ ਬਣੀ ਤਾਂ ਸੰਸਦ 'ਚ ਕਾਨੂੰਨ ਲਿਆਵਾਂਗੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬਾਬਰੀ ਮਸਜਿਦ ਵਿਵਾਦ ਨੂੰ ਅਦਾਲਤ ਤੋਂ ਬਾਹਰ ਗੱਲਬਾਤ ਰਾਹੀਂ ਸੁਲਝਾਉਣ ਬਾਰੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਸਲਾਹ 'ਤੇ ਅਜੇ ਗੱਲ ਅੱਗੇ ਵੀ ਨਹੀਂ ਵਧੀ ਕਿ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਮੁਸਲਿਮ ਭਾਈਚਾਰੇ ਨੂੰ ਇਹ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਸਰਯੂ ਨਦੀ ਤੋਂ ਪਾਰ ਮਸਜਿਦ ਬਣਾਉਣ ਦੀ ਮੇਰੀ ਤਜਵੀਜ਼ ਪ੍ਰਵਾਨ ਕਰ ਲੈਣੀ ਚਾਹੀਦੀ ਹੈ, ਜੇ ਰਾਮ ਮੰਦਰ ਮਸਲੇ 'ਤੇ ਸਮਝੌਤਾ ਨਹੀਂ ਹੋਇਆ ਤਾਂ 2018 'ਚ ਰਾਜ ਸਭਾ 'ਚ ਬਹੁਮਤ 'ਚ ਆਉਣ 'ਤੇ ਸੰਸਦ 'ਚ ਕਾਨੂੰਨ ਬਣਾ ਕੇ ਰਾਮ ਮੰਦਰ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜੇ ਅਸੀਂ 2019 ਤੱਕ ਰਾਮ ਮੰਦਰ ਨਹੀਂ ਬਣਾਉਂਦੇ ਤਾਂ ਜਨਤਾ ਇਸ ਨੂੰ ਲੈ ਕੇ ਸਾਡਾ ਵਿਰੁੱਧ ਕਰੇਗੀ।
ਇੱਕ ਟਵੀਟ ਰਾਹੀਂ ਸਵਾਮੀ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਮਸਜਿਦ ਬਾਰੇ ਦਿੱਤੀ ਗਈ ਤਜਵੀਜ਼ ਮੰਨ ਲੈਣੀ ਚਾਹੀਦੀ ਹੈ, ਨਹੀਂ ਤਾਂ ਉਹਨਾਂ ਦੀ ਪਾਰਟੀ ਜਦੋਂ 2018 'ਚ ਰਾਜ ਸਭਾ 'ਚ ਬਹੁਮਤ 'ਚ ਆਵੇਗੀ ਤਾਂ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਕਾਨੂੰਨ ਬਣਾਇਆ ਜਾਵੇਗਾ।
ਸਵਾਮੀ ਨੇ ਕਿਹਾ ਕਿ 1994 'ਚ ਸੁਪਰੀਮ ਕੋਰਟ ਨੇ ਅਯੁੱਧਿਆ 'ਚ ਜਿਸ ਹਿੱਸੇ ਨੂੰ ਰਾਮ ਜਨਮ ਭੂਮੀ ਮੰਨਿਆ ਸੀ, ਉੱਥੇ ਪਹਿਲਾਂ ਹੀ ਰਾਮ ਲੱਲਾ ਦਾ ਇੱਕ ਆਰਜ਼ੀ ਮੰਦਰ ਹੈ ਅਤੇ ਉੱਥੇ ਪੂਜਾ ਘਰ ਵੀ ਹੁੰਦਾ ਹੈ। ਉਨ੍ਹਾ ਕਿਹਾ ਕਿ ਕੀ ਕੋਈ ਇਸ ਮੰਦਰ ਨੂੰ ਨਸ਼ਟ ਕਰਨ ਦੀ ਹਿਮਾਕਤ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਵਿਵਾਦ ਨਾਲ ਸੰਬੰਧਤ ਅਦਾਲਤੀ ਕਾਰਵਾਈ 'ਚ ਲੰਮੇ ਸਮੇਂ ਤੋਂ ਮੁਸਲਮਾਨਾਂ ਦਾ ਪੱਖ ਰੱਖਣ ਵਾਲੇ ਵਕੀਲ ਜ਼ਫਰਬਾਬ ਜਿਲਾਨੀ ਨੇ ਕੱਲ੍ਹ ਕਿਹਾ ਸੀ ਕਿ ਉਹਨਾਂ ਨੂੰ ਸੁਪਰੀਮ ਕੋਰਟ 'ਤੇ ਭਰੋਸਾ ਹੈ। ਸੁਪਰੀਮ ਕੋਰਟ ਜੇ ਵਿਚੋਲਗੀ ਦੀ ਪਹਿਲ ਕਰਦਾ ਹੈ ਤਾਂ ਮੁਸਲਿਮ ਧਿਰ ਪੂਰੀ ਤਰ੍ਹਾਂ ਤਿਆਰ ਹੈ, ਪਰ ਕਿਸੇ ਬਾਹਰਲੇ ਵਿਅਕਤੀ ਦੀ ਵਿਚੋਲਗੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਕੱਲ੍ਹ ਸਵਾਮੀ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਯੁੱਧਿਆ 'ਚ ਰਾਮ ਮੰਦਰ ਵਿਵਾਦ ਦਾ ਅਦਾਲਤ ਦੇ ਬਾਹਰ ਨਿਪਟਾਰਾ ਕਰਨ 'ਤੇ ਜ਼ੋਰ ਦਿੱਤਾ। ਅਦਾਲਤ ਨੇ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਸਾਰੀਆਂ ਸੰਬੰਧਤ ਧਿਰਾਂ ਮਿਲ ਬੈਠ ਕੇ ਵਿਚਾਰ ਕਰਨ ਅਤੇ ਆਮ ਰਾਇ ਬਣਾ ਕੇ ਮਾਮਲਾ ਸੁਲਝਾਉਣ। ਜੇ ਇਸ ਮਾਮਲੇ 'ਤੇ ਹੋਣ ਵਾਲੀ ਗੱਲਬਾਤ ਨਾਕਾਮ ਰਹਿੰਦੀ ਹੈ ਤਾਂ ਸੁਪਰੀਮ ਕੋਰਟ ਵੱਲੋਂ ਦਖਲ ਦਿੱਤਾ ਜਾਵੇਗਾ। ਚੀਫ ਜਸਟਿਸ ਦੀ ਪ੍ਰਧਾਨਗੀ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਇਹ ਅਜਿਹੇ ਮੁੱਦੇ ਹਨ, ਜਿੱਥੇ ਵਿਵਾਦ ਨੂੰ ਖਤਮ ਕਰਨ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਬੈਠਣਾ ਚਾਹੀਦਾ ਹੈ। ਇਸ ਮਗਰੋਂ ਡਵੀਜ਼ਨ ਬੈਂਚ ਨੇ ਸੁਆਮੀ ਨੂੰ ਕਿਹਾ ਕਿ ਉਹ ਦੋਹਾਂ ਧਿਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਫੈਸਲੇ ਦੇ ਸੰਬੰਧ 'ਚ ਅਦਾਲਤ ਨੂੰ 31 ਮਾਰਚ ਤੱਕ ਜਾਣਕਾਰੀ ਦੇਣ। ਅਦਾਲਤ ਨੇ ਇਹ ਟਿੱਪਣੀ ਉਸ ਵੇਲੇ ਕੀਤੀ, ਜਦੋਂ ਸੁਬਰਾਮਣੀਅਮ ਸੁਆਮੀ ਨੇ ਇਸ ਮਾਮਲੇ ਦੀ ਤੁਰੰਤ ਸੁਣਾਈ ਦੀ ਮੰਗ ਕੀਤੀ।
ਸੁਆਮੀ ਨੇ ਕਿਹਾ ਕਿ ਇਸ ਮਾਮਲੇ 'ਚ ਅਪੀਲਾਂ ਦਾਇਰ ਕੀਤਿਆਂ 6 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਉਹਨਾਂ 'ਤੇ ਛੇਤੀ ਤੋਂ ਛੇਤੀ ਸੁਣਵਾਈ ਕੀਤੇ ਜਾਣ ਦੀ ਜ਼ਰੂਰਤ ਹੈ, ਜਿਸ 'ਤੇ ਅਦਾਲਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਰਬ-ਸੰਮਤੀ ਨਾਲ ਕਿਸੇ ਹੱਲ 'ਤੇ ਪੁੱਜਣ ਲਈ ਨਵੇਂ ਸਿਰੇ ਤੋਂ ਯਤਨ ਕਰ ਸਕਦੇ ਹੋ ਅਤੇ ਜ਼ਰੂਰਤ ਪਈ ਤਾਂ ਤੁਹਾਨੂੰ ਇਸ ਮਾਮਲੇ ਦੇ ਹੱਲ ਲਈ ਕੋਈ ਵਿਚੋਲਾ ਵੀ ਚੁਣ ਲੈਣਾ ਚਾਹੀਦਾ ਹੈ ਅਤੇ ਜੇ ਦੋਵੇਂ ਧਿਰਾਂ ਚਾਹੁਣ ਤਾਂ ਮੈਂ ਉਨ੍ਹਾਂ ਵੱਲੋਂ ਚੁਣੇ ਗਏ ਵਿਚੋਲਿਆਂ ਨਾਲ ਬੈਠਾਂ ਤਾਂ ਮੈਂ ਵੀ ਤਿਆਰ ਹਾਂ ਅਤੇ ਇਸ ਕੰਮ ਲਈ ਮੇਰੇ ਸਾਥੀ ਜੱਜਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ।