ਸਿੱਖ ਵਿਰੋਧੀ ਦੰਗੇ; ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ 190 ਫਾਇਲਾਂ ਜਮ੍ਹਾਂ ਕਰਾਉਣ ਦੇ ਹੁਕਮ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਇੱਕ ਨਵਾਂ ਮੌੜ ਆ ਗਿਆ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦੰਗਿਆਂ ਨਾਲ ਸੰਬੰਧਤ 190 ਤੋਂ ਵੱਧ ਫਾਇਲਾਂ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ ਸਿੱਖ ਦੰਗਿਆਂ ਨਾਲ ਜੁੜਿਆ ਮਾਮਲਾ ਉਸ ਵੇਲੇ ਗਰਮਾ ਗਿਆ ਸੀ, ਜਦੋਂ ਇਹਨਾਂ ਕੇਸਾਂ ਦੀ ਲੰਮੇ ਸਮੇਂ ਤੋਂ ਪੈਰਵੀ ਕਰ ਰਹੇ ਉੱਘੇ ਵਕੀਲ ਐਚ ਐਸ ਫੂਲਕਾ ਨੇ ਕਿਹਾ ਸੀ ਕਿ ਉਹ 1984 ਦੇ ਦੰਗਿਆਂ ਦੇ ਕੇਸਾਂ ਦੀ ਪੈਰਵੀ ਨਹੀਂ ਕਰਨਗੇ, ਸਗੋਂ ਇਹਨਾਂ ਕੇਸਾਂ ਦੀ ਪੈਰਵੀ ਉਨ੍ਹਾਂ ਦੀ ਧੀ ਐਡਵੋਕੇਟ ਪ੍ਰਭਸਹਾਏ ਕੌਰ ਦੀ ਅਗਵਾਈ ਹੇਠ ਵਕੀਲਾਂ ਦੀ ਟੀਮ ਕਰੇਗੀ। ਇਹ ਦੰਗੇ 1984 'ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਭਰ 'ਚ ਹੋਏ ਸਨ। ਦੰਗਿਆਂ ਦੌਰਾਨ ਕਤਲ, ਲੁੱਟਮਾਰ ਅਤੇ ਅਗਜਨੀ 'ਚ ਕਈ ਪਰਵਾਰ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਇਸ ਸਾਲ ਜਨਵਰੀ 'ਚ ਕੇਂਦਰ ਸਰਕਾਰ ਨੇ ਦੰਗਾ ਪੀੜਤ 32 ਪਰਵਾਰਾਂ ਨੂੰ ਮੁਆਵਜ਼ਾ ਦੇਣ ਲਈ 1.30 ਕਰੋੜ ਰੁਪਏ ਦੀ ਧਨ ਰਾਸ਼ੀ ਜਾਰੀ ਕੀਤੀ ਸੀ, ਪਰ ਬਾਅਦ 'ਚ ਪਰਵਾਰਾਂ ਨੇ ਇਹ ਦੋਸ਼ ਲਾਇਆ ਸੀ ਕਿ ਉਨ੍ਹਾ ਨੂੰ ਮੁਆਵਜ਼ੇ ਦਾ ਇੱਕ ਧੇਲਾ ਵੀ ਨਹੀਂ ਮਿਲਿਆ ਹੈ।